ਬਠਿੰਡਾ: ਸੋਨਾ ਲੁੱਟ ਮਾਮਲੇ ’ਚ ਫਸਿਆ ਐੱਨਆਰਆਈ ਜੋੜਾ
ਸ਼ਗਨ ਕਟਾਰੀਆ
ਬਠਿੰਡਾ, 18 ਫਰਵਰੀ
ਪੁਲੀਸ ਨੇ 16-17 ਫਰਵਰੀ ਦੀ ਰਾਤ ਨੂੰ ਆਰਟਿਗਾ ਗੱਡੀ ’ਤੇ ਸਵਾਰ ਪੌਣੀ ਦਰਜਨ ਕਾਰ ਸਵਾਰਾਂ ਵੱਲੋਂ ਵਿਆਹ ਤੋਂ ਪਰਤ ਰਹੇ ਮੀਆਂ-ਬੀਵੀ ਤੋਂ 39 ਤੋਲੇ ਸੋਨੇ ਦੇ ਗਹਿਣੇ ‘ਲੁੱਟਣ’ ਦੇ ਮਾਮਲੇ ਦੀ ਤਾਣੀ ਨੂੰ ਸੁਲਝਾ ਲਿਆ ਹੈ। ਪੜਤਾਲ ਦੌਰਾਨ ਇਹ ਵਾਰਦਾਤ ਝੂਠੀ ਨਿਕਲੀ ਤੇ ਪੁਲੀਸ ਨੇ ਸ਼ਿਕਾਇਤਕਰਤਾ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੇ।
ਐੱਸਐੱਸਪੀ ਅਮਨੀਤ ਕੌਂਡਲ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਆਸਟਰੇਲੀਆ ਵਾਸੀ ਰਾਜਿੰਦਰ ਕੌਰ ਉਰਫ਼ ਸੋਨੀਆ ਅਤੇ ਉਸ ਦੇ ਪਤੀ ਸਾਹਿਲ ਸਿੰਘ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠੇ ਨੱਥਾ ਸਿੰਘ ਤੋਂ ਕਾਰ ਰਾਹੀਂ ਆਪਣੇ ਪਿੰਡ ਚੱਕ ਬਖ਼ਤੂ ਜਾ ਰਹੇ ਸਨ ਕਿ ਰਸਤੇ ’ਚ ਉਹ ਕਾਰ ਰੋਕ ਕੇ ਆਪਣੇ ਛੋਟੇ ਬੱਚੇ ਨੂੰ ਉਲਟੀ ਕਰਾਉਣ ਲਈ ਰੁਕੇ। ਕਥਿਤ ਤੌਰ ’ਤੇ ਪਿੱਛੋਂ ਆਈ ਚਿੱਟੇ ਰੰਗ ਦੀ ਆਰਟਿਗਾ ਗੱਡੀ ਆ ਕੇ ਰੁਕੀ ਅਤੇ ਉਸ ਵਿੱਚੋਂ ਕਰੀਬ ਪੌਣੀ ਦਰਜਨ ਨੌਜਵਾਨਾਂ ਨੇ ਉੱਤਰ ਕੇ ਆਪਣੇ ਹਥਿਆਰਾਂ ਦੀ ਨੋਕ ’ਤੇ ਸੋਨੀਆ ਦੇ ਹੱਥਾਂ ’ਚ ਪਾਈਆਂ ਕਰੀਬ 28 ਤੋਲੇ ਸੋਨੇ ਦੀਆਂ ਚੂੜੀਆਂ, ਗਲ਼ ’ਚ ਪਹਿਨਿਆ 9 ਤੋਲੇ ਦਾ ਰਾਣੀ ਹਾਰ ਅਤੇ ਸਾਹਿਲ ਦੇ ਹੱਥ ’ਚ ਪਾਇਆ 2 ਤੋਲੇ ਦਾ ਬਰੈਸਲੈੱਟ ਜਬਰਦਸਤੀ ਖੋਹੇ ਅਤੇ ਆਪਣੀ ਕਾਰ ’ਤੇ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਤਲਾਹ ਮਿਲਣ ’ਤੇ ਤਫ਼ਤੀਸ਼ ਅਮਲ ਵਿੱਚ ਲਿਆਂਦੀ, ਜਿਸ ਵਿੱਚ ਸੀਆਈਏ ਸਟਾਫ਼-2 ਬਠਿੰਡਾ ਅਤੇ ਐੱਸਐੱਚਓ ਨੇਹੀਆਂ ਵਾਲਾ ਦੀਆਂ ਟੀਮਾਂ ਵੱਲੋਂ ਪੜਤਾਲ ਕੀਤੀ ਗਈ। ਪੜਤਾਲ ’ਚ ਸਾਹਮਣੇ ਆਇਆ ਕਿ ਆਰਟਿਗਾ ਗੱਡੀ ਨੂੰ ਮਦਨ ਲਾਲ ਪਿੰਡ ਖੂਹੀ ਖੇੜਾ ਚਲਾ ਰਿਹਾ ਸੀ ਅਤੇ ਕਾਰ ਵਿੱਚ ਵਾਲੀਬਾਲ ਖਿਡਾਰੀ ਸੁਰੇਸ਼ ਕੁਮਾਰ, ਸੌਰਵ ਕੁਮਾਰ, ਸੰਦੀਪ ਕੁਮਾਰ, ਪੰਕਜ ਕੁਮਾਰ, ਵਿਜੈ ਪਾਲ, ਪਵਨ ਕੁਮਾਰ, ਵਿਨੋਦ ਕੁਮਾਰ ਅਤੇ ਸਚਿਨ (ਸਾਰੇ ਜ਼ਿਲ੍ਹਾ ਫ਼ਾਜ਼ਿਲਕਾ) ਸਨ। ਜਾਂਚ ’ਚ ਇਹ ਪਤਾ ਲੱਗਾ ਕਿ ਇਹ ਸਾਰੇ ਰਾਤ ਦਾ ਸਮਾਂ ਹੋਣ ਕਰਕੇ ਪਤੀ-ਪਤਨੀ ਦੀ ਮਦਦ ਲਈ ਰੁਕੇ ਸਨ, ਪ੍ਰੰਤੂ ਇਸ ਜੋੜੇ ਨੇ ਕਥਿਤ ਤੌਰ ’ਤੇ ਉਲਟਾ ਉਨ੍ਹਾਂ ’ਤੇ ਹੀ ਲੁੱਟ ਖੋਹ ਦਾ ਦੋਸ਼ ਲਗਾ ਦਿੱਤਾ ਅਤੇ ਮਨਘੜਤ ਕਹਾਣੀ ਬਣਾ ਕੇ ਪੁਲੀਸ ਨੂੰ ਇਤਲਾਹ ਦਿੱਤੀ।
ਐੱਸਐੱਸਪੀ ਨੇ ਦੱਸਿਆ ਕਿ ਝੂਠੀ ਇਤਲਾਹ ਨਾਲ ਪੁਲੀਸ ਵਿਭਾਗ ਨੂੰ ਗੁਮਰਾਹ ਕਰਨ ਅਤੇ ਸਰਕਾਰ ਦੇ ਕੰਮ ’ਚ ਵਿਘਨ ਪਾਉਣ ਦੇ ਦੋਸ਼ਾਂ ਪਹਿਲਾਂ ਦਰਜ ਐਫਆਈਆਰ ’ਚ ਬੀਐੱਨਐੱਸ ਦੀ ਧਾਰਾ 309 (4) ਤੇ 25/54/59 ਆਰਮਜ਼ ਐਕਟ ਦਾ ਘਾਟਾ ਕਰਕੇ ਦੋਵਾਂ ਜੀਆਂ ਖ਼ਿਲਾਫ਼ ਬੀਐਨਐਸ ਦੀ ਧਾਰਾ 217 ਤਹਿਤ ਦਾ ਵਾਧਾ ਕਰਕੇ ਧਾਰਾ 12/170 ਬੀਐਨਐਸਐਸ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਿਲ੍ਹਾ ਪੁਲੀਸ ਕਪਤਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲੀਸ ਨੂੰ ਹਮੇਸ਼ਾ ਸੱਚੀ ਇਤਲਾਹ ਦਿੱਤੀ ਜਾਵੇ, ਤਾਂ ਜੋ ਪੁਲੀਸ ਦਾ ਸਮਾਂ ਖਰਾਬ ਨਾ ਹੋਵੇ ਅਤੇ ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਤਾੜਨਾ ਕੀਤਾ ਕਿ ਝੂਠੀ ਇਤਲਾਹ ਦੇਣ ਵਾਲਿਆਂ ਖ਼ਿਲਾਫ਼ ਬਠਿੰਡਾ ਪੁਲੀਸ ਵੱਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।