ਅਨਾਜ ਮੰਡੀਆਂ ’ਚ ਬਾਸਮਤੀ ਦੀ ਆਮਦ ਸ਼ੁਰੂ
ਪੰਜਾਬ ਵਿਚ ਮੀਂਹਾਂ ਦੇ ਬਾਵਜੂਦ ਅਨਾਜ ਮੰਡੀਆਂ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਵਾਰ 15 ਸਤੰਬਰ ਤੋਂ ਝੋਨੇ ਦੀ ਖਰੀਦ ਪਹਿਲੀ ਵਾਰ ਸ਼ੁਰੂ ਕਰਵਾਈ ਜਾ ਰਹੀ ਹੈ, ਪਰ ਅਨਾਜ ਮੰਡੀਆਂ ਵਿੱਚ ਪੁੱਜਣ ਲੱਗੀ ਬਾਸਮਤੀ ਨੂੰ ਪ੍ਰਾਈਵੇਟ ਵਪਾਰੀ ਹੱਥੋਂ-ਹੱਥੀਂ ਖਰੀਦਣ ਲੱਗੇ ਹਨ। ਬਾਸਮਤੀ ਬਰੇਟਾ ਸਮੇਤ ਸੁਨਾਮ, ਸੰਗਰੂਰ ਵਿੱਚ ਪੁੱਜਣੀ ਸ਼ੁਰੂ ਹੋ ਗਈ ਹੈ।
ਮਾਨਸਾ ਜ਼ਿਲ੍ਹੇ ਦੇ ਬਰੇਟਾ ਦੀ ਅਨਾਜ ਮੰਡੀ ’ਚ ਪੁੱਜੀ ਬਾਸਮਤੀ ਨੂੰ ਪ੍ਰਾਈਵੇਟ ਵਪਾਰੀਆਂ ਵੱਲੋਂ 3165 ਰੁਪਏ ਪ੍ਰਤੀ ਕੁਇੰਟਲ ਖਰੀਦਿਆ ਗਿਆ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਮੰਡੀ ਵਿੱਚ ਵਿਕਣ ਆਈ ਇਹ ਬਾਸਮਤੀ 1509 ਕਿਸਮ ਦੀ ਹੈ। ਇਸ ਬਾਸਮਤੀ ਦੀ ਬੋਲੀ ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ ਖੁਡਾਲ ਵੱਲੋਂ ਲਗਵਾਈ ਗਈ, ਜਿਸ ਦੌਰਾਨ ਸੁਪਰਵਾਈਜ਼ਰ ਧਰਮਪਾਲ ਸਿੰਗਲਾ, ਰਜਿਤ ਗਰਗ, ਸੁਖਵਿੰਦਰ ਸਿੰਘ ਅਤੇ ਆੜਤੀਆ ਅਮਨਦੀਪ, ਰਿੰਕੂ, ਮੱਖਣ ਲਾਲ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਬਾਸਮਤੀ ਬਿਲਕੁਲ ਸੁੱਕੀ ਅਤੇ ਮੋਟੀ ਹੋਣ ਕਾਰਨ ਇਸ ਨੂੰ ਖਰੀਦਣ ਵਿੱਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਹੈ।
ਚੇਅਰਮੈਨ ਚਮਕੌਰ ਸਿੰਘ ਖੁਡਾਲ ਨੇ ਦੱਸਿਆ ਕਿ ਇਸ ਵਾਰ ਮਾਲਵਾ ਖੇਤਰ ਦੇ ਬਹੁਤੇ ਕਿਸਾਨਾਂ ਵੱਲੋਂ ਬਾਸਮਤੀ ਨੂੰ ਬੀਜਣ ਲਈ ਪਹਿਲ ਦਿੱਤੀ ਹੈ, ਕਿਉਂਕਿ ਪਿਛਲੇ ਵਾਰ ਇਸ ਖੇਤਰ ਵਿੱਚ ਬਾਸਮਤੀ ਦਾ ਰੇਟ 5 ਹਜ਼ਾਰ ਤੋਂ ਵੱਧ ਲੱਗਿਆ ਹੈ। ਇਸੇ ਦੌਰਾਨ ਖੇਤੀ ਮਾਹਿਰਾਂ ਨੇ ਦੱਸਿਆ ਕਿ ਜੇਕਰ ਬਾਸਮਤੀ ਦਾ ਕਿਸਾਨਾਂ ਨੂੰ ਚੰਗਾ ਭਾਅ ਮਿਲਿਆ ਤਾਂ ਬਾਸਮਤੀ ਮਾਲਵਾ ਖੇਤਰ ਵਿੱਚ ਖੇਤੀ ਵਿਭਿੰਨਤਾ ਤਹਿਤ ਵੱਡੀ ਪ੍ਰਾਪਤੀ ਹਾਸਲ ਕਰੇਗੀ, ਜਿਸਦੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।