ਪਿੰਡਾਂ ’ਚੋਂ ਲੰਘਦੇ ਭਾਰੀ ਵਾਹਨ ਰੋਕਣ ਲਈ ਬੈਰੀਕੇਡ ਲਾਏ
ਮੱਲੀਆਂ ਟੌਲ ਪਲਾਜ਼ਾ ਤੋਂ ਬਚਣ ਲਈ ਪਿੰਡਾਂ ਵਿੱਚੋਂ ਲੰਘਦੇ ਭਾਰੀ ਵਾਹਨਾਂ ਅਤੇ ਟਿੱਪਰਾਂ ਨੂੰ ਰੋਕਣ ਲਈ ਪਿੰਡ ਬਖ਼ਤਗੜ੍ਹ ਵਿੱਚ ਬੈਰੀਕੇਡ ਲਾਏ ਗਏ ਹਨ। ਜਾਣਕਾਰੀ ਅਨੁਸਾਰ ਟੌਲ ਪਲਾਜ਼ੇ ਤੋਂ ਬਚਣ ਲਈ ਟਿੱਪਰਾਂ ਵਾਲੇ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਲੰਘਦੇ ਹਨ ਜਿਸ ਕਾਰਨ ਬਖ਼ਤਗੜ੍ਹ, ਚੀਮਾ, ਕੈਰੇ ਤੇ ਨਾਈਵਾਲਾ ਦੇ ਲੋਕ ਪ੍ਰੇਸ਼ਾਨ ਸਨ। ਲੋਕਾਂ ਨੇ ਪੁਲੀਸ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਹਨ। ਇਸ ’ਤੇ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਪਿੰਡ ਬਖ਼ਤਗੜ੍ਹ ਨੇੜੇ ਕੌਮੀ ਮਾਰਗ ਅਤੇ ਹੋਰ ਪਿੰਡਾਂ ਨੂੰ ਜਾਂਦੀਆਂ ਸੜਕਾਂ ’ਤੇ ਭਾਰੀ ਵਾਹਨ ਰੋਕਣ ਲਈ ਪੁਲੀਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਬੈਰੀਕੇਡ ਲਗਾ ਦਿੱਤੇ ਹਨ। ਉਪਰੰਤ ਭਾਰੀ ਵਾਹਨਾਂ ਦੀ ਆਮਦ ਰੁਕ ਗਈ ਹੈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਪੰਜਾਬ ਪੰਚਾਇਤ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਭਾਰੀ ਵਾਹਨਾਂ ਤੇ ਟਿੱਪਰਾਂ ਦੀ ਆਵਾਜਾਈ ਕਾਰਨ ਜਾਨੀ ਨੁਕਸਾਨ ਹੋਣ ਦਾ ਡਰ ਸੀ। ਪਿੰਡਾਂ ਦੇ ਲੋਕਾਂ ਪ੍ਰੇਸ਼ਾਨ ਸਨ ਜਿਸ ਬਾਰੇ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ ਗਿਆ ਸੀ। ਉਨ੍ਹਾਂ ਇਸ ਗੰਭੀਰ ਮਸਲੇ ਦਾ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
