ਬਰਨਾਲਾ ਨੂੰ ਨਿਗਮ ਬਣਨ ਨਾਲ ਮਿਲੇਗਾ ਫੰਡਾਂ ਦਾ ਗੱਫ਼ਾ
ਬਰਨਾਲਾ ਨਗਰ ਕੌਂਸਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਹੋਈ ਕੈਬਨਿਟ ਮੀਟਿੰਗ ’ਚ ਅੱਜ ਨਗਰ ਨਿਗਮ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। ਬਰਨਾਲਾ ਵਿੱਚ ਹੁਣ ਵਾਰਡਾਂ ਦੀ ਗਿਣਤੀ 31 ਤੋਂ ਵੱਧ ਕੇ 50 ਹੋ ਜਾਵੇਗੀ। ਪਹਿਲਾਂ ਇਥੇ ਕੌਂਸਲ ਪ੍ਰਧਾਨ ਦੀ ਚੋਣ ਹੁੰਦੀ ਸੀ ਜਦਕਿ ਹੁਣ ਇਥੇ ਮੇਅਰ ਚੁਣਿਆ ਜਾਵੇਗਾ। ਇਥੇ ਕਾਰਜਸਾਧਕ ਅਫ਼ਸਰ ਦੀ ਥਾਂ ’ਤੇ ਹੁਣ ਨਿਗਮ ਕਮਿਸ਼ਨਰ ਦੇਖ-ਰੇਖ ਕਰਨਗੇ। ਪਹਿਲਾਂ ਸ਼ਹਿਰ ਦੇ ਜਿਹੜੇ ਪ੍ਰਾਜੈਕਟ ਪਾਸ ਹੋਣ ਲਈ ਚੰਡੀਗੜ੍ਹ ਜਾਂਦੇ ਸਨ ਤੇ ਹੁਣ ਉਹ ਪ੍ਰਾਜੈਕਟ ਨਿਗਮ ਦੀ ਮੀਟਿੰਗ ਵਿੱਚ ਪਾਸ ਹੋ ਜਾਇਆ ਕਰਨਗੇ
ਇਸ ਸਬੰਧੀ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਕੋਲੋਂ ਕੁਝ ਦਿਨਾਂ ’ਚ ਨੋਟੀਫਿਕੇਸ਼ਨ ਜਾਰੀ ਕਰਵਾ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ਨਗਰ ਕੌਂਸਲ ਨੂੰ ਭੰਗ ਕਰ ਕੇ 15 ਦਸੰਬਰ ਤੱਕ ਨਵੀਂ ਵਾਰਡਬੰਦੀ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਤੋਂ ਬਾਅਦ ਆਈ ਏ ਐੱਸ ਅਧਿਕਾਰੀ ਨੂੰ ਕਮਿਸ਼ਨਰ ਨਿਯੁਕਤ ਕੀਤਾ ਜਾਵੇਗਾ ਅਤੇ ਟੈਕਨੀਕਲ ਸਟਾਫ਼ ਦਾ ਵੱਡੇ ਪੱਧਰ ’ਤੇ ਵਾਧਾ ਹੋਵੇਗਾ। ਇਸ ਤੋਂ ਇਲਾਵਾ ਸੂਬੇ ਤੋਂ ਕਰੋੜਾਂ ਰੁਪਏ ਦੇ ਫੰਡਾਂ ਸਮੇਤ ਕੇਂਦਰ ਦੀਆਂ ਨਗਰ ਨਿਗਮਾਂ ਲਈ ਵਿਸ਼ੇਸ਼ ਸਕੀਮਾਂ ਤਹਿਤ ਕਰੋੜਾਂ ਰੁਪਏ ਦੇ ਫੰਡ ਵੱਖਰੇ ਤੌਰ ’ਤੇ ਮਿਲਣਗੇ ਜਿਸ ਨਾਲ ਸ਼ਹਿਰ ਦੀ ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲਈ ਸ਼ਾਨਦਾਰ ਬਹੁਮੰਜ਼ਲੀ ਇਮਾਰਤ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰੀਅਲ ਅਸਟੇਟ ਨਾਲ ਜੁੜੇ ਪ੍ਰਾਜੈਕਟ ਵੀ ਹੁਣ ਨਗਰ ਨਿਗਮ ਬਰਨਾਲਾ ਵਿੱਚ ਹੀ ਪਾਸ ਹੋਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਨਾਲ ਮੁਲਾਜ਼ਮਾਂ ਨੂੰ ਛੇ ਪ੍ਰਤੀਸ਼ਤ ਭੱਤੇ ਦਾ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ੁੱਧ ’ਤੇ ਸਾਫ਼ ਵਾਤਾਵਰਨ ਦੇਣ ਲਈ ਆਧੁਨਿਕ ਕਿਸਮ ਦੇ ਨਵੇਂ ਪਾਰਕ ਬਣਾਏ ਜਾਣਗੇ।
ਮੀਤ ਹੇਅਰ ਤੇ ਰਾਜਿੰਦਰ ਗੁਪਤਾ ਵੱਲੋਂ ਫ਼ੈਸਲੇ ਦੀ ਸ਼ਲਾਘਾ
ਬਰਨਾਲਾ (ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ): ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਬਰਨਾਲਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਵਿਚ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਪੰਜਾਬ ਕੈਬਨਿਟ ਦੇ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਫ਼ੈਸਲੇ ਨਾਲ ਬਰਨਾਲਾ ਦੇ ਵਿਕਾਸ ਕਾਰਜਾਂ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਮਿਲੇਗੀ। ਸ਼ਹਿਰ ਨੂੰ ਮਿਲਦੇ ਵਿਕਾਸ ਫੰਡਾਂ ਵਿੱਚ ਹੋਰ ਵਾਧਾ ਹੋਵੇਗਾ। ਇਸ ਫੈਸਲੇ ਲਈ ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਹੀ ਮਕਸਦ ਹੈ ਵਿਕਾਸ ਅਤੇ ਉਨ੍ਹਾਂ ਨੇ ਹਮੇਸ਼ਾ ਵਿਕਾਸ ’ਤੇ ਜ਼ੋਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਬਰਨਾਲਾ ਵਿੱਚ ਕਰੋੜਾਂ ਦੇ ਕੰਮ ਕਰਵਾਏ ਜਾ ਰਹੇ ਹਨ ਤੇ ਨਗਰ ਨਿਗਮ ਬਣਨ ਨਾਲ ਬਰਨਾਲੇ ਨੂੰ ਕਈ ਨਵੀਆਂ ਸਕੀਮਾਂ ਅਧੀਨ ਸੈਂਕੜੇ ਕਰੋੜਾਂ ਦੇ ਫੰਡ ਮਿਲਣਗੇ ਅਤੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾਵੇਗੀ।
