ਬਰਨਾਲਾ ਪੁਲੀਸ ਨੇ 11 ਹੋਟਲ ਸੀਲ ਕੀਤੇ
ਡੀਐੱਸਪੀ ਸਤਵੀਰ ਸਿੰਘ ਦੀ ਅਗਵਾਈ ’ਚ ਪੁਲੀਸ ਨੇ ਅੱਜੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ 11 ਹੋਟਲਾਂ ’ਚ ਚੈਕਿੰਗ ਕੀਤੀ। ਇਸ ਦੌਰਾਨ ਵੱਡੇ ਪੱਧਰ ’ਤੇ ਖ਼ਾਮੀਆਂ ਪਾਏ ਜਾਣ ’ਤੇ ਹੋਟਲਾਂ ਨੂੰ ਸੀਲ ਕਰ ਦਿੱਤਾ ਗਿਆ। ਪੁਲੀਸ ਪੜਤਾਲ ਦੌਰਾਨ ਇਨ੍ਹਾਂ ਹੋਟਲਾਂ ’ਚ ਕਈ ਜੋੜੇ ਮੌਜੂਦ ਸਨ। ਪੁਲੀਸ ਨੇ ਉਨ੍ਹਾਂ ਨੂੰ ਬਾਲਗ ਹੋਣ ਕਰ ਕੇ ਛੱਡ ਦਿੱਤਾ। ਇਸ ਦੌਰਾਨ ਹੋਟਲ ਵੀਵਾਨ ਨੇੜੇ ਜੀ ਮਾਲ ਹੰਡਿਆਇਆ ਰੋਡ ਬਰਨਾਲਾ, ਹੋਟਲ ਗਰੇਸ ਐਂਡ ਰੈਸਤਰਾਂ ਨੇੜੇ ਜ਼ਿਲ੍ਹਾ ਜੇਲ੍ਹ ਬਰਨਾਲਾ, ਹੋਟਲ ਵਲਿੰਗਟਨ ਨੇੜੇ ਤਰਕਸ਼ੀਲ ਚੌਂਕ ਬਰਨਾਲ, ਹੋਟਲ ਡਾਇਮੰਡ ਰਾਏਕੋਟ ਰੋਡ ਬਰਨਾਲਾ, ਹੋਟਲ ਸਿਮਰ, ਹੋਟਲ ਮਿਲਨ, ਹੋਟਲ ਕੈਨੇਡਾ ਤਿੰਨੋਂ ਆਈਟੀਆਈ ਚੌਕ ਬਰਨਾਲਾ, ਹੋਟਲ ਸਨਵੀਮਜ਼ ਸਾਹਮਣੇ ਵੀਆਰਸੀ ਮਾਲ ਨੇੜੇ ਦਾਣਾ ਮੰਡੀ ਬਰਨਾਲਾ, ਹੋਟਲ ਟੇਸਟੀ ਟੱਚ ਨੇੜੇ ਫਰਵਾਹੀ ਚੂੰਗੀ ਬਰਨਾਲਾ, ਹੋਟਲ ਏ-23 ਨੇੜੇ ਤਰਕਸ਼ੀਲ ਚੌਕ ਬਰਨਾਲਾ ਅਤੇ ਹੋਟਲ ਰੋਇਲ ਸਿਟੀ ਹੰਡਿਆਇਆ ਰੋਡ ਬਰਨਾਲਾ ਨੂੰ ਸੀਲ ਕੀਤਾ ਗਿਆ ਹੈ। ਪੁਲੀਸ ਟੀਮ ਨੇ ਦੱਸਿਆ ਕਿ ਪੜਤਾਲ ਦੌਰਾਨ ਸੀਐਲਯੂ ਫਾਇਰ ਸੇਫਟੀ ਸਬੰਧੀ ਐੱਨਓਸੀ ਅਤੇ ਬਿਲਡਿੰਗ ਪਲਾਨ ਸਬੰਧੀ ਕੋਈ ਦਸਤਾਵੇਜ਼ ਹੋਟਲ ਮਾਲਕ ਪੇਸ਼ ਨਹੀਂ ਕਰ ਸਕੇ। ਇਨ੍ਹਾਂ ਸਾਰੇ ਹੋਟਲਾਂ ਨੂੰ ਸੀਲ ਕਰ ਕੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਿਛਲੇ ਕੁੱਝ ਸਾਲਾਂ ’ਚ ਬਿਨਾਂ ਕਿਸੇ ਖਾਣ-ਪੀਣ ਤੋਂ ਸਿਰਫ਼ ਏਸੀ ਕਮਰਿਆਂ ਵਾਲੇ ਧੜਾਧੜ ਖੁੱਲ੍ਹ ਰਹੇ ਹੋਟਲਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਕਈ ਹੋਟਲ ਤਾਂ ਖੇਤਾਂ ਵਿੱਚ ਖੁੱਲ੍ਹ ਰਹੇ ਹਨ। ਸ਼ਹਿਰ ਦੇ ਕਈ ਅਗਾਂਹਵਧੂ ਅਤੇ ਸਮਾਜਸੇਵੀ ਵਿਅਕਤੀਆਂ ਵੱਲੋਂ ਇਨ੍ਹਾਂ ਹੋਟਲਾਂ ਵਿੱਚ ਹੋ ਰਹੇ ਕਥਿਤ ਗ਼ੈਰਕਾਨੂੰਨੀ ਧੰਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁੱਖੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇੰਦਰਲੋਕ ਐਵੇਨਿਊ ਰੈਜ਼ੀਡੈਂਟਸ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਮਾਸਟਰ ਭੋਲਾ ਸਿੰਘ ਅਤੇ ਸਕੱਤਰ ਰਾਜਿੰਦਰ ਸਿੰਘ ਬਾਠ ਅਤੇ ਕਈ ਹੋਰਾਂ ਵੱਲੋਂ ਵੀ ਇਨ੍ਹਾਂ ਹੋਟਲਾਂ ’ਚ ਚੱਲ ਰਹੇ ਕਥਿਤ ਗ਼ੈਰਕਾਨੂੰਨੀ ਧੰਦਿਆਂ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਹੋਟਲਾਂ ’ਤੇ ਮਾਰੇ ਛਾਪੇ ਸਬੰਧੀ ਡੀਐੱਸਪੀ ਸਤਵੀਰ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਕੁੱਝ ਹੋਟਲਾਂ ’ਚ ਜੋੜੇ ਜ਼ਰੂਰ ਮਿਲੇ ਸਨ ਪਰ ਉਹ ਬਾਲਗ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।