ਕਿਸਾਨਾਂ ਵੱਲੋਂ ਐੱਨਓਸੀ ਜਾਰੀ ਨਾ ਕਰਨ ’ਤੇ ਬੈਂਕ ਦਾ ਘਿਰਾਓ
ਪਿੰਡ ਬੁਰਜ ਹਰੀ ਦੇ ਕਿਸਾਨ ਨੂੰ ਐੱਨਓਸੀ ਸਰਟੀਫਿਕੇਟ ਨਾ ਦੇਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਇੱਕ ਨਿੱਜੀ ਬੈਂਕ ਅੱਗੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਬੁਰਜ ਹਰੀ ਦੇ ਕਿਸਾਨ ਵੱਲੋਂ ਇੱਕ ਪ੍ਰਾਈਵੇਟ ਬੈਂਕ ਤੋਂ ਸਾਲ 2018 ਵਿੱਚ 7 ਲੱਖ 15 ਹਜ਼ਾਰ ਦੀ ਲਿਮਟ ਲਈ ਸੀ, ਜੋ ਉਸ ਨੇ ਦਸੰਬਰ-2024 ਵਿੱਚ ਭਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਐੱਨਓਸੀ ਸਰਟੀਫਿਕੇਟ ਲੈਣ ਬੈਂਕ ਦੇ ਵਾਰ-ਵਾਰ ਚੱਕਰ ਲਗਾ ਰਿਹਾ ਹੈ ਪਰ ਉਸ ਨੂੰ ਐਨਓਸੀ ਨਹੀਂ ਦਿੱਤੀ ਗਈ। ਪੀੜੜ ਕਿਸਾਨ ਨੇ ਜਦੋਂ ਇਹ ਮਾਮਲਾ ਜਥੇਬੰਦੀ ਦੇ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਤਾਂ ਜਥੇਬੰਦੀ ਵੱਲੋਂ ਪਹਿਲਾਂ ਬੈਂਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ 10 ਦਿਨ ਦਾ ਸਮਾਂ ਮੰਗਿਆ ਗਿਆ, ਪਰ ਜਦੋਂ 10 ਦਿਨ ਬੀਤ ਜਾਣ ਦੇ ਬਾਵਜੂਦ ਕਿਸਾਨ ਨੂੰ ਐੱਨਓਸੀ ਸਰਟੀਫਿਕੇਟ ਨਾ ਦਿੱਤਾ ਗਿਆ ਤਾਂ ਪੀੜਤ ਕਿਸਾਨ ਨੂੰ ਇਨਸਾਫ਼ ਦਿਵਾਉਣ ਵਾਸਤੇ ਬੈਂਕ ਅਧਿਕਾਰੀਆਂ ਦਾ ਘਿਰਾਓ ਕਰਕੇ ਬੈਂਕ ਅੱਗੇ ਧਰਨਾ ਲਗਾ ਦਿੱਤਾ ਗਿਆ।