ਬਣਾਂਵਾਲਾ ਦਾ ਤਾਪਘਰ ਟੀ ਬੀ ਮਰੀਜ਼ਾਂ ਲਈ ਮਸੀਹਾ ਬਣਿਆ
ਮਾਨਸਾ ਵਿੱਚ ਇਸ ਵੇਲੇ 520 ਟੀਬੀ ਮਰੀਜ਼ ਹਨ ਅਤੇ ਸਿਵਲ ਹਸਪਤਾਲ ਨੇ 50 ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਆਪਣੀ ਰਿਕਵਰੀ ਨੂੰ ਮਜ਼ਬੂਤ ਕਰਨ ਲਈ ਤਰਜੀਹੀ ਪੋਸ਼ਣ ਸਹਾਇਤਾ ਦੀ ਲੋੜ ਹੈ।
ਸੀਐੱਸਆਰ ਪਹਿਲਕਦਮੀ ‘ਸਿਹਤ’ ਤਹਿਤ ਅਤੇ ‘ਟੀਬੀ ਹਟਾਓ, ਦੇਸ਼ ਬਚਾਓ’ ਦੇ ਨਾਅਰੇ ਨਾਲ, ਟੀ ਐੱਸ ਪੀ ਐੱਲ ਇਨ੍ਹਾਂ ਉੱਚ-ਲੋੜ ਵਾਲੇ ਮਰੀਜ਼ਾਂ ਨੂੰ ਮਾਸਿਕ ਪੋਸ਼ਣ ਕਿੱਟਾਂ ਦੇ ਰੂਪ ਵਿੱਚ ਸਹਾਇਤਾ ਕਰ ਰਿਹਾ ਹੈ, ਜਿਨ੍ਹਾਂ ਵਿੱਚ ਪ੍ਰੋਟੀਨ-ਭਰਪੂਰ ਦਾਲਾਂ, ਫ਼ਲੀਦਾਰ, ਸੋਇਆ-ਆਧਾਰਤ ਸਪਲੀਮੈਂਟ ਅਤੇ ਕੈਲੋਰੀ ਅਤੇ ਪ੍ਰੋਟੀਨ ਦੀ ਮਾਤਰਾ ਵਧਾਉਣ ਲਈ ਲੋੜੀਂਦਾ ਖਾਣੇ ਦਾ ਤੇਲ ਸ਼ਾਮਲ ਹੈ। ਇਹ ਸਹਾਇਤਾ ਲਗਾਤਾਰ ਛੇ ਮਹੀਨਿਆਂ ਤੱਕ ਜਾਰੀ ਰਹੇਗੀ।
ਵੰਡ ਸਮਾਗਮ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਨਿਸ਼ੀ ਸੂਦ, ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ, ਸੀਨੀਅਰ ਡੀਓਟੀਐਸ-ਪਲੱਸ ਸੁਪਰਵਾਈਜ਼ਰ ਹਰਸਿਮਰਨਜੀਤ ਸਿੰਘ ਅਤੇ ਸੀਨੀਅਰ ਇਲਾਜ ਸੁਪਰਵਾਈਜ਼ਰ ਸੁਰਿੰਦਰ ਕੁਮਾਰ ਸ਼ਾਮਲ ਸਨ। ਟੀ ਐੱਸ ਪੀ ਐੱਲ ਦੇ ਪ੍ਰਤੀਨਿਧੀਆਂ ਵਿੱਚ ਸ਼ਿਆਮ ਚੌਧਰੀ, ਡਿਪਟੀ ਚੀਫ਼ ਕਮਰਸ਼ੀਅਲ ਅਫ਼ਸਰ, ਵਿਨੈ ਕੁਮਾਰ ਚੀਫ਼ ਸਿਕਿਓਰਿਟੀ ਅਫ਼ਸਰ ਵੇਦਾਂਤਾ ਪਾਵਰ ਅਤੇ ਯਸ਼ਮੀਨ ਮਿੱਤਲ ਲੀਡ-ਸੀਐੱਸਆਰ ਸ਼ਾਮਲ ਸਨ।
ਸੀਨੀਅਰ ਮੈਡੀਕਲ ਅਫਸਰ ਡਾ. ਜਗਜੀਤ ਸਿੰਘ ਨੇ ਕਿਹਾ ਕਿ ਟੀ ਬੀ ਰਾਸ਼ਟਰੀ ਪੱਧਰ ’ਤੇ ਭਿਆਨਕ ਜਨਤਕ ਸਿਹਤ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਲਾਜ ਅਤੇ ਪੋਸ਼ਣ ਸਬੰਧੀ ਪਾੜੇ ਨੂੰ ਪੂਰਾ ਕਰਨ ਵਿੱਚ ਕਾਰਪੋਰੇਟ ਭਾਗੀਦਾਰੀ ਮਹੱਤਵਪੂਰਨ ਰਹਿੰਦੀ ਹੈ ਅਤੇ ਨਿਕਸ਼ੇ ਮਿੱਤਰਾ ਦੇ ਰੂਪ ਵਿੱਚ ਟੀਐੱਸਪੀਐੱਲ ਦਾ ਯੋਗਦਾਨ ਸੱਚਮੁੱਚ ਸਾਡੀ ਤਾਕਤ ਨੂੰ ਵਧਾਉਂਦਾ ਹੈ।
ਵੇਦਾਂਤਾ ਲਿਮਟਿਡ ਦੇ ਪਾਵਰ ਦੇ ਸੀ ਈ ਓ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਵੇਦਾਂਤਾ ਪਾਵਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀ ਬੀ-ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਟੀ ਬੀ ਨਾਲ ਨਜਿੱਠਣ ਲਈ ਸਰਕਾਰਾਂ, ਸਿਹਤ ਸੰਭਾਲ ਸੰਸਥਾਵਾਂ, ਕਾਰਪੋਰੇਟਾਂ ਅਤੇ ਭਾਈਚਾਰਿਆਂ ਵੱਲੋਂ ਇਕੱਠੇ ਕੰਮ ਕਰਨ ਲਈ ਇਕਜੁੱਟ ਕਾਰਵਾਈ ਦੀ ਲੋੜ ਹੈ।
