ਬਣਾਂਵਾਲਾ ਤਾਪਘਰ: ਪ੍ਰਦੂਸ਼ਣ ਦਾ ਮਾਮਲਾ ਐਨਜੀਟੀ ਕੋਲ ਉਠਾਉਣ ਦਾ ਫ਼ੈਸਲਾ
ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਪ੍ਰਦੂਸ਼ਣ ਦਾ ਮਸਲਾ ਇਲਾਕੇ ਵਿੱਚ ਬਣੀ ਸੰਘਰਸ਼ ਕਮੇਟੀ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਸਣੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਉਠਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਪਹਿਲਾਂ ਹੀ ਜੇਐੱਸਡਬਲਯੂ ਤਜਵੀਜ਼ਤ ਸੀਮਿੰਟ ਫੈਕਟਰੀ ਖ਼ਿਲਾਫ਼ ਲੜਾਈ ਲੜ ਰਹੀ ਹੈ, ਹੁਣ ਇਸ ਕਮੇਟੀ ਵੱਲੋਂ ਤਾਪਘਰ ਦੇ ਬਾਹਰ ਥਰਮਲ ਦੇ ਟਰੱਕਾਂ ਅਤੇ ਟਿੱਪਰਾਂ ਵੱਲੋਂ ਉਡਾਈ ਜਾਂਦੀ ਧੂੜ, ਸੁਆਹ ਅਤੇ ਕੀਤੇ ਜਾ ਰਹੇ ਪ੍ਰਦੂਸ਼ਣ ਦੇ ਮੁੱਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ।
ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਸੈਕਟਰੀ ਮਨਪ੍ਰੀਤ ਸਿੰਘ ਅਤੇ ਮੀਡੀਆ ਇੰਚਾਰਜ ਖੁਸ਼ਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਮੱਸਿਆ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਇਲਾਕਾ ਵਾਸੀਆਂ ਵਿੱਚ ਪ੍ਰਦੂਸ਼ਣ ਖ਼ਿਲਾਫ਼ ਰੋਹ ਵਧਦਾ ਜਾ ਰਿਹਾ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜਦੋਂ ਦਾ ਤਾਪਘਰ ਲੱਗਿਆ ਹੈ, ਉਦੋਂ ਦਾ ਹੀ ਕਿਹਾ ਜਾ ਰਿਹਾ ਹੈ ਕਿ ਇਹ ਪਾਵਰ ਪਲਾਂਟ ਪ੍ਰਦੂਸ਼ਣ ਰਹਿਤ ਹੈ। ਇਸ ਦਾ ਕੋਈ ਵੀ ਨਾਕਾਰਤਮਿਕ ਪ੍ਰਭਾਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਰ ਹੁਣ ਇਸ ਇਲਾਕੇ ਵਿੱਚ ਸਾਹ, ਦਮੇ, ਐਲਰਜੀ ਅਤੇ ਹੋਰ ਭਿਆਨਕ ਰੋਗਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਥਰਮਲ ਪਲਾਂਟ ਦੇ ਲੋਕ ਸੰਪਰਕ ਅਫ਼ਸਰ ਨਾਲ ਫੋਨ ਰਾਹੀਂ ਤਾਪਘਰ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਦਾ ਮੁੱਦਾ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਬਣਾਂਵਾਲਾ ਬੱਸ ਅੱਡੇ ’ਤੇ ਖੜ੍ਹੀਆਂ ਸਵਾਰੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਟਰੱਕਾਂ ਵੱਲੋਂ ਉਡਾਈ ਜਾਂਦੀ ਧੂੜ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਸੰਘਰਸ਼ ਕਮੇਟੀ ਨਾਲ ਮਿਲ ਕੇ ਇਸ ਮੁੱਦੇ ਨੂੰ ਲਹਿਰ ਬਣਾਉਣ ਦਾ ਪਹਿਲਾ ਕਦਮ ਚੁੱਕਿਆ ਗਿਆ ਹੈ।
ਪ੍ਰਦੂਸ਼ਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ: ਅਧਿਕਾਰੀ
ਬਣਾਂਵਾਲਾ ਤਾਪਘਰ ਦੇ ਅਧਿਕਾਰੀ ਨੇ ਕਿਹਾ ਕਿ ਤਾਪਘਰ ਵੱਲੋਂ ਇਲਾਕੇ ਵਿੱਚ ਲੋਕ ਭਲਾਈ ਦੇ ਅਨੇਕਾਂ ਕਾਰਜ ਆਰੰਭ ਕੀਤੇ ਹੋਏ ਹਨ ਜਦੋਂਕਿ ਪ੍ਰਦੂਸ਼ਣ ਵਾਲੀ ਕੋਈ ਵੀ ਗੱਲ ਕਦੇ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਕਿਸੇ ਵੱਲੋਂ ਅੱਜ ਤੱਕ ਫੋਨ ਜ਼ਰੀਏ ਜਾਂ ਮੰਗ ਪੱਤਰ ਰਾਹੀਂ ਕੋਈ ਤਕਲੀਫ਼ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਉਂਝ ਤਾਪਘਰ ਇਲਾਕੇ ਲਈ ਸਭ ਕੁੱਝ ਕਰਨ ਲਈ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਤਿਆਰ ਹੈ।