ਬੱਲ੍ਹੋ ਪੰਚਾਇਤ ਵੱਲੋਂ ਵਿਕਾਸ ਕਾਰਜਾਂ ’ਚ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ
ਗ੍ਰਾਮ ਸਭਾ ਬੱਲ੍ਹੋ ਦੇ ਆਮ ਇਜਲਾਸ ’ਚ ਵਿਕਾਸ ਕਾਰਜਾਂ ਸਬੰਧੀ ਅਹਿਮ ਮਤੇ ਪਾਸ ਕੀਤੇ ਗਏ। ਇਜਲਾਸ ਦੀ ਪ੍ਰਧਾਨਗੀ ਸਰਪੰਚ ਅਮਰਜੀਤ ਕੌਰ ਨੇ ਕੀਤੀ ਅਤੇ ਇਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਪਰਮਜੀਤ ਸਿੰਘ ਭੁੱਲਰ ਗ੍ਰਾਮ ਸੇਵਕ ਨੇ ਪੰਚਾਇਤ ਐਡਵਾਂਸਮੈਟ ਇੰਡੈਕਸ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਫਾਰਮੈਟ ਵਿੱਚ ਭਰਿਆ ਗਿਆ ਡੇਟਾ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਪੜ੍ਹ ਕੇ ਸੁਣਾਇਆ ਤੇ ਸਭਾ ਦੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ। ਸਰਪੰਚ ਅਮਰਜੀਤ ਕੌਰ ਨੇ ਮਤਾ ਪਾਸ ਕਰਦਿਆਂ ਕਿਹਾ ਕਿ ਪਿੰਡ ਕੰਮਾਂ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਮਾਣ ਸਨਮਾਨ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਦੇ ਇਜਲਾਸ ਵਿੱਚ ਕੀਤੀ ਗਈ ਅਤੇ ਉਨ੍ਹਾਂ ਐਲਾਨ ਕੀਤਾ ਕਿ ਜੋ ਪਿੰਡ ਵਾਸੀ ਪਿੰਡ ਦੇ ਸਾਂਝੇ ਕੰਮਾਂ ਵਿੱਚ ਪੰਚਾਇਤ ਦਾ ਸਾਥ ਦੇਵੇਗਾ ਉਨ੍ਹਾਂ ਦੇ ਨਾਮਾਂ ਦੀ ਸੂਚੀ ਸਾਂਝੀ ਥਾਂ ’ਤੇ ਲਾਈ ਜਾਵੇਗੀ। ਪੰਚ ਹਰਵਿੰਦਰ ਕੌਰ ਤੇ ਪਰਮਜੀਤ ਕੌਰ ਨੇ ਦੱਸਿਆ ਪਿੰਡ ਦੀਆਂ ਬਣਾਈਆ ਜਾ ਰਹੀਆਂ ਸੜਕਾਂ ਤੇ ਸਾਂਝੀਆਂ ਥਾਵਾਂ ਦੇ ਮਿੱਟੀ (ਭਰਤ) ਪਾਉਣ ਲਈ ਟਰੈਕਟਰਾਂ ਤੇ ਜੇ ਸੀ ਬੀ ਮਸ਼ੀਨ ਨੂੰ ਤੇਲ ਖ਼ਰਚ ਇਕਬਾਲ ਸਿੰਘ ਮਾਨ (ਕੈਨੇਡਾ) ਨੇ 4 ਲੱਖ ਕੀਤਾ ਹੈ। ਖੇਤੀਬਾੜੀ ਵਿਭਾਗ ਦੇ ਸਬ-ਇੰਸਪੈਕਟਰ ਅਰੁਣਦੀਪ ਸਿੰਘ ਨੇ ਬਰਸਾਤਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਪਰਾਲੀ ਸਾਂਭ ਸੰਭਾਲ ਵਾਰੇ ਜਾਣਕਾਰੀ ਦਿੱਤੀ। ਸਟੇਜ ਦਾ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ। ਤਰਨਜੋਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਗ੍ਰਾਮ ਪੰਚਾਇਤ ਵੱਲੋ ਜੋ ਮਾਣ ਸਨਮਾਨ ਕੀਤੇ ਜਾਣਗੇ ਉਨ੍ਹਾਂ ਦਾ ਸਾਰਾ ਖ਼ਰਚਾਂ ਦਾਨ ਦੇ ਤੌਰ ’ਤੇ ਸੁਸਾਇਟੀ ਤਰਫ਼ੋਂ ਕੀਤਾ ਜਾਵੇਗਾ।