ਬਲਜੀਤ ਕੌਰ ਵੱਲੋਂ ਵਿਕਾਸ ਕਾਰਜਾਂ ਲਈ 12 ਕਰੋੜ ਦੀ ਗਰਾਂਟ ਦੇਣ ਦਾ ਐਲਾਨ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਖ-ਵੱਖ ਪ੍ਰਾਜੈਕਟਾਂ ਲਈ 12 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਔਲਖ, ਬਾਮ, ਘੱਗਾ, ਭੁਲੇਰੀਆਂ, ਉੜਾਂਗ, ਫਕਰਸਰ, ਸੰਮੇਵਾਲੀ, ਤਾਮਕੋਟ, ਚਿੱਬੜਾਂਵਾਲੀ, ਮਹਾਂਬਧਰ, ਸੋਥਾ, ਚੱਕ ਮਦਰੱਸਾ ਅਤੇ ਰਾਮਗੜ੍ਹ ਚੁੰਗਾਂ ਵਿੱਚ ਤਕਰੀਬਨ 1.71 ਕਰੋੜ ਰੁਪਏ ਦੀ ਲਾਗਤ ਨਾਲ ਮੰਡੀਆਂ ਵਿੱਚ ਸਟੀਲ ਸ਼ੈਡਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥੇੜੀ ਪਿੰਡ ਦੇ ਪੰਚਾਇਤ ਘਰਾਂ ਦੇ ਨਵੀਨੀਕਰਨ ਲਈ 20 ਲੱਖ ਰੁਪਏ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਪਿੰਡ ਨੂੰ ਪੰਚਾਇਤ ਘਰਾਂ ਬਾਬਤ ਕੁੱਲ 26 ਲੱਖ ਜਾਰੀ ਹੋ ਜਾਣਗੇ। ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸੇ ਤਰ੍ਹਾਂ ਮਲੋਟ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਲਗਭਗ 10.12 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਲੋਟ ਸ਼ਹਿਰ ਲਈ ਦੋ ਹਜ਼ਾਰ ਸਟਰੀਟ ਲਾਈਟਾਂ ਵੀ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਸਾਰੇ ਸ਼ਹਿਰ ਵਿੱਚ ਲਗਵਾਇਆ ਜਾਵੇਗਾ।