ਬਾਲਾ ਬੱਚਨ ਵੱਲੋਂ ਬਠਿੰਡਾ ਜ਼ਿਲ੍ਹੇ ’ਚ ਸਰਗਰਮੀਆਂ
ਕਾਂਗਰਸ ਦੀ ‘ਸੰਗਠਨ ਸਿਰਜਣ ਮੁਹਿੰਮ’ ਅਧੀਨ ਜ਼ਿਲ੍ਹਾ ਬਠਿੰਡਾ (ਸ਼ਹਿਰੀ) ਦੇ ਪਾਰਟੀ ਅਬਜ਼ਰਵਰ ਬਾਲਾ ਬੱਚਨ ਬਠਿੰਡਾ ਆਏ। ਮੱਧ ਪ੍ਰਦੇਸ਼ ਦੇ ਤਤਕਾਲੀ ਗ੍ਰਹਿ ਮੰਤਰੀ ਅਤੇ ਮੌਜੂਦਾ ਵਿਧਾਇਕ ਬਾਲਾ ਬੱਚਨ ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਰਾਜਨ ਗਰਗ ਨੂੰ ਨਾਲ ਲੈ ਕੇ ਇੱਥੇ ਗੁਰਦੁਆਰਾ ਕਿਲ੍ਹਾ ਮੁਬਾਰਕ, ਵਿਸ਼ਵਕਰਮਾ ਭਵਨ, ਗਊਸ਼ਾਲਾ ਤੋਂ ਇਲਾਵਾ ਕਸਬਾ ਮਾਈਸਰਖਾਨਾ ਵਿਖੇ ਮਾਲਵੇ ਦੇ ਪ੍ਰਸਿੱਧ ਮੰਦਰ ਅਤੇ ਤਲਵੰਡੀ ਸਾਬੋ ਸਥਿਤ ਤਖ਼ਤ ਦਮਦਮਾ ਸਾਹਿਬ ਵਿੱਚ ਨਤਮਸਤਕ ਹੋਏ। ਉਨ੍ਹਾਂ ਆਰੀਆ ਸਮਾਜ ਚੌਕ ਵਿੱਚ ਜਾ ਕੇ ਭਗਤ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਲਾ ਬੱਚਨ ਨੇ ਸਿਰਕੀ ਬਾਜ਼ਾਰ ਵਿੱਚ ਵਪਾਰੀਆਂ ਅਤੇ ਸੋਸ਼ਲ ਵੈਲਫ਼ੇਅਰ ਆਰਗੇਨਾਈਜੇਸ਼ਨ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਾ ਗਿੱਲ ਤੇ ਟਹਿਲ ਸਿੰਘ ਸੰਧੂ ਆਦਿ ਵੀ ਮੌਜੂਦ ਰਹੇ। ਬਾਲਾ ਬੱਚਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰਾਂ ’ਤੇ ਹੜ੍ਹ ਪੀੜਤਾਂ ਦੀ ਸਾਰ ਨਾ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ।