ਬਾਜਵਾ ਤਖ਼ਤ ਦਮਦਮਾ ਸਾਹਿਬ ਨਤਮਸਤਕ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਜਿੱਥੇ ਤਖ਼ਤ ਸਾਹਿਬ ਮੱਥਾ ਟੇਕਿਆ, ਉੱਥੇ ਸੰਤ ਸੇਵਕ ਜਥਾ ਗੁਰਦੁਆਰਾ ਲੰਗਰ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਤਖ਼ਤ ਸਾਹਿਬ ਪੁੱਜਣ ’ਤੇ ਪ੍ਰਤਾਪ ਸਿੰਘ ਬਾਜਵਾ ਦਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕਾ ਮੌੜ ਤੇ ਤਲਵੰਡੀ ਸਾਬੋ ਤੋਂ ਇਕੱਤਰ ਕਾਂਗਰਸੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਸ੍ਰੀ ਬਾਜਵਾ ਨੇ ਤਖ਼ਤ ਸਾਹਿਬ ਮੱਥਾ ਟੇਕਦਿਆਂ ਕੁੱਝ ਸਮਾਂ ਕੀਰਤਨ ਸਰਵਣ ਕੀਤਾ ਅਤੇ ਨਿਸ਼ਾਨ ਸਾਹਿਬ ’ਤੇ ਚੋਲਾ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕਰਵਾਈ। ਉਹ ਕਰੀਬ ਇੱਕ ਘੰਟਾ ਤਖ਼ਤ ਸਾਹਿਬ ਕੰਪਲੈਕਸ ਰੁਕੇ। ਇਸ ਮਗਰੋਂ ਉਨ੍ਹਾਂ ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਵੀ ਸਿਆਸੀ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸ਼ਰਧਾਲੂ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਵਾਈ ਹੈ। ਇਸ ਮਗਰੋਂ ਸ੍ਰੀ ਬਾਜਵਾ ਨੇ ਸਾਬਕਾ ਵਿਧਾਇਕ ਸਿੱਧੂ ਤੇ ਹੋਰਨਾਂ ਕਾਂਗਰਸੀ ਆਗੂਆਂ ਸਮੇਤ ਗੁਰਦੁਆਰਾ ਬੁੰਗਾ ਮਸਤੂਆਣਾ ਧਾਰਮਿਕ ਮਹਾਂਵਿਦਿਆਲਾ ਦੇ ਮੁਖੀ ਬਾਬਾ ਕਾਕਾ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕਈ ਮਸਲਿਆਂ ਸਬੰਧੀ ਚਰਚਾ ਕੀਤੀ। ਇਸ ਮੌਕੇ ਬਾਬਾ ਕਾਕਾ ਸਿੰਘ ਨੇ ਬਾਜਵਾ ਸਮੇਤ ਹੋਰਨਾਂ ਆਗੂਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਸ੍ਰੀ ਬਾਜਵਾ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਗੁਰਜੰਟ ਸਿੰਘ ਕੁੱਤੀਵਾਲ ਤੇ ਗੁਰਾ ਸਿੰਘ ਤੁੰਗਵਾਲੀ (ਦੋਵੇਂ ਸਾਬਕਾ ਵਿਧਾਇਕ), ਸਾਬਕਾ ਚੇਅਰਮੈਨ ਨਰਿੰਦਰ ਸਿੰਘ ਭੁਲੇਰੀਆ, ਡਾਇਰੈਕਟਰ ਮਾਰਕਫੈੱਡ ਟਹਿਲ ਸਿੰਘ ਸੰਧੂ, ਬਲਵੰਤ ਸਿੰਘ ਲੇਲੇਵਾਲਾ, ਬਹਾਦਰ ਸਿੰਘ ਲੇਲੇਵਾਲਾ ਤੇ ਜਗਦੀਪ ਗੋਦਾਰਾ ਵੀ ਹਾਜ਼ਰ ਸਨ।
