ਬਠਿੰਡਾ ਵਿੱਚ ਮਿਲਖਾ ਸਿੰਘ ਕਲੱਬ ਵੱਲੋਂ ਅਥਲੈਟਿਕਸ ਚੈਂਪੀਅਨਸ਼ਿਪ
525 ਖਿਡਾਰੀਆਂ ਨੇ ਹਿੱਸਾ ਲਿਆ
Advertisement
ਮਿਲਖਾ ਸਿੰਘ ਮਾਸਟਰਸ ਅਥਲੈਟਿਕਸ ਕਲੱਬ ਵੱਲੋਂ ਇੱਥੇ ਡੀ ਏ ਵੀ ਕਾਲਜ ਵਿੱਚ ਦੋ ਰੋਜ਼ਾ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਚੈਂਪੀਅਨਸ਼ਿਪ ਵਿੱਚ 30 ਤੋਂ 90 ਸਾਲ ਉਮਰ ਵਰਗ ਦੇ 525 ਖਿਡਾਰੀਆਂ ਨੇ ਹਿੱਸਾ ਲਿਆ।ਇਨ੍ਹਾਂ ਖੇਡਾਂ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਨੇ ਕੀਤਾ। ‘ਉੱਚੀ ਛਾਲ’ ਦੇ ਮੁਕਾਬਲਿਆਂ ਵਿੱਚ ਜਦੋਂ ਮਾਸਟਰ ਅਥਲੀਟ ਲਖਵਿੰਦਰ ਸਿੰਘ 9 ਫੁੱਟ ਹਾਈ ਜੰਪ ਲਾਇਆ ਤਾਂ ਦਰਸ਼ਕਾਂ ਨੇ ਲੰਮਾ ਸਮਾਂ ਤਾੜੀਆਂ ਮਾਰ ਕੇ ਦਾਦ ਦਿੱਤੀ। ਇਸੇ ਤਰ੍ਹਾਂ 100 ਮੀਟਰ ਦੀ ਦੌੜ ਵਿੱਚ 55 ਸਾਲਾ ਪੁਸ਼ਪਿੰਦਰ ਸਿੰਘ ਬਰਾੜ ਅਤੇ 65 ਸਾਲਾ ਜੀਤ ਸਿੰਘ ਖੇਡ ਮੈਦਾਨ ’ਚ ਜਦੋਂ ਘੋੜੇ ਵਾਂਗ ਦੌੜੇ ਤਾਂ ਖੇਡ ਪ੍ਰੇਮੀਆਂ ਨੇ ਖੜ੍ਹੇ ਹੋ ਕੇ ਅਤੇ ਸਾਹ ਰੋਕ ਕੇ ਅਚੰਭਿਤ ਖੇਡ ਨੂੰ ਟਿਕਟਿਕੀ ਲਾ ਕੇ ਮਾਣਿਆ। ਚੈਂਪੀਅਨਸ਼ਿਪ ਦੀ ਸਮਾਪਤੀ ਸਮੇਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਤੌਰ ਮੁੱਖ ਮਹਿਮਾਨ ਸ਼ਰੀਕ ਹੋਏ ਅਤੇ ਉਨ੍ਹਾਂ ਮੇਜ਼ਬਾਨ ਕਲੱਬ ਨੂੰ 50 ਹਜ਼ਾਰ ਰੁਪਏ ਵਿੱਤੀ ਮਦਦ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ। ਇਸ ਵਕਤ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਨੰਬਰਦਾਰ ਬਲਵਿੰਦਰ ਸਿੰਘ ਕੋਟਸ਼ਮੀਰ ਅਤੇ ਕਲੱਬ ਦੇ ਜਨਰਲ ਸਕੱਤਰ ਮੋਹਨ ਲਾਲ ਬਾਂਸਲ ਨੇ ਦੱਸਿਆ ਕਿ ਕਲੱਬ ਦਾ ਉਦੇਸ਼ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਖੇਡਾਂ ਨਾਲ ਜੋੜ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨਾ ਹੈ। ‘ਸਪੋਰਟ ਕਿੰਗ’ ਕੰਪਨੀ ਦੇ ਸਹਾਇਕ ਰਜਿੰਦਰਪਾਲ ਵੱਲੋਂ ਖਿਡਾਰੀਆਂ ਨੂੰ 600 ਟੀ ਸ਼ਰਟਾਂ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਸੈਂਟਪਾਲ ਸਕੂਲ ਦੇ ਐਮ ਡੀ ਨੇ 50 ਹਜ਼ਾਰ ਅਤੇ ਅਮਰ ਐਂਟਰਪਰਾਈਜ਼ ਬਠਿੰਡਾ ਨੇ ਵੀ 31 ਹਜ਼ਾਰ ਰੁਪਏ ਦੀ ਰਾਸ਼ੀ ਕਲੱਬ ਨੂੰ ਦਿੱਤੀ। ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਸਤਨਾਮ ਸਿੰਘ ਸਿੱਧੂ ਅਤੇ ਡਾ. ਰਵਨੀਤ ਕੌਰ ਕੋਟਸ਼ਮੀਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਟੇਜ ਸੈਕਟਰੀ ਦੀ ਭੂਮਿਕਾ ਕਲੱਬ ਦੇ ਸਰਪ੍ਰਸਤ ਇੰਜਨੀਅਰ ਗੁਰਬੀਰ ਸਿੰਘ ਅਤੇ ਲੈਕਚਰਾਰ ਬਲਵੰਤ ਸਿੰਘ ਕੋਟਸ਼ਮੀਰ ਨੇ ਬਾਖੂਬੀ ਨਿਭਾਈ।
Advertisement
Advertisement