ਸਹਾਇਕ ਪ੍ਰੋਫੈਸਰ ਤਨਖ਼ਾਹਾਂ ਨੂੰ ਤਰਸੇ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਨੂੰ ਪ੍ਰੋਫੈਸਰਾਂ ਨੂੰ ਛੇ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਉਨ੍ਹਾਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਜਸਕਰਨ ਸਿੰਘ ਨੂੰ ਮੰਗ ਪੱਤਰ ਸੌਂਪਿਆ। ਜਥੇਬੰਦਕ ਆਗੂਆਂ ਨੇ 28 ਜੁਲਾਈ ਨੂੰ ਡਾਇਰੈਕਟੋਰੇਟ ਉੱਚੇਰੀ ਸਿੱਖਿਆ ਵਿਭਾਗ ਮੁਹਾਲੀ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਗੈਸਟ ਪ੍ਰੋਫੈਸਰਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਗੈਸਟ ਫੈਕਲਟੀ ਸੰਯੁਕਤ ਫਰੰਟ (ਸਰਕਾਰੀ ਕਾਲਜ) ਪੰਜਾਬ ਦੇ ਸੂਬਾਈ ਆਗੂ ਡਾ. ਰਾਵਿੰਦਰ ਸਿੰਘ ਨੇ ਕਿਹਾ ਕਿ ਨਵੇਂ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਕਰਨ ਨਾਲ ਸੂਬੇ ਵਿੱਚ 185 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਪ੍ਰਭਾਵਿਤ ਹੋ ਗਏ ਸਨ। 123 ਦੇ ਕਰੀਬ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਜਨਵਰੀ-2025 ਤੋਂ ਤਨਖ਼ਾਹ ਨਹੀਂ ਦਿੱਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤਨਖ਼ਾਹਾਂ ਜਲਦ ਜਾਰੀ ਨਾ ਹੋਈਆਂ ਅਤੇ ਗੈਸਟ ਪ੍ਰੋਫੈਸਰਾਂ ਦੇ ਭਵਿੱਖ ਨੂੰ ਸੁਨਿਹਰੀ ਕਰਨ ਲਈ ਨੀਤੀ ਅਮਲ ਵਿੱਚ ਨਾ ਆਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪ੍ਰੋ. ਅੰਬੇਸ਼ ਭਾਰਦਵਾਜ, ਡਾ. ਕੁਲਦੀਪ ਸਿੰਘ, ਡਾ. ਅਮਨਦੀਪ ਸਿੰਘ, ਡਾ. ਅਜਮੀਤ ਕੌਰ, ਡਾ. ਸਿੰਪਲ ਬਾਂਸਲ, ਡਾ. ਹਰਵਿੰਦਰ ਕੌਰ, ਪ੍ਰੋ. ਬਲਜੀਤ ਸਿੰਘ, ਪ੍ਰੋ. ਲੋਕੇਸ਼ ਗਰਗ, ਪ੍ਰੋ. ਜੋਤੀ, ਡਾ. ਪ੍ਰਤਿਭਾ, ਡਾ. ਆਸ਼ੂ ਗਰਗ ਤੇ ਡਾ. ਤਨਵੀਰ ਵੀ ਮੌਜੂਦ ਸਨ।