ਕਲਾ ਤੇ ਸਾਹਿਤ ਮਨੁੱਖ ਅੰਦਰ ਸੋਝੀ ਪੈਦਾ ਕਰਦੇ ਹਨ: ਜਗਦੇਵ ਢਿੱਲੋਂ
ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ ਜੈਤੋ ਵੱਲੋਂ ਨਾਮਵਰ ਨਾਟਕਕਾਰ ਜਗਦੇਵ ਢਿੱਲੋਂ ਨਾਲ ਇੱਕ ਸਾਹਿਤਕ ਮਿਲਣੀ ਕਰਵਾਈ ਗਈ।
ਸਮਾਗਮ ਦੀ ਪ੍ਰਧਾਨਗੀ ਤਰਸੇਮ ਨਰੂਲਾ ਅਤੇ ਸਾਧੂ ਰਾਮ ਸ਼ਰਮਾ ਨੇ ਕੀਤੀ। ਮੰਚ ਦੇ ਜਨਰਲ ਸਕੱਤਰ ਸੁੰਦਰ ਸਿੰਘ ਬਾਜਾਖਾਨਾ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਆਖਦਿਆਂ ਮੰਚ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਆਲੋਚਕ ਤੇ ਨਾਟਕਕਾਰ ਕੁਲਬੀਰ ਮਲਿਕ ਨੇ ਕਿਹਾ ਕਿ ਜਗਦੇਵ ਢਿੱਲੋਂ ਦੇ ਨਾਟਕ ਸਮਾਜਿਕ ਯਥਾਰਥ ਦੀਆਂ ਪਰਤਾਂ ਖੋਲ੍ਹਦੇ ਹਨ। ਪ੍ਰੋ. ਤਰਸੇਮ ਨਰੂਲਾ ਨੇ ਜਗਦੇਵ ਢਿੱਲੋਂ ਦੇ ਜੀਵਨ ਤੇ ਨਾਟਕਾਂ ਬਾਰੇ ਬੋਲਦਿਆਂ ਦੱਸਿਆ ਕਿ ਉਸ ਨੇ ਆਪਣੇ ਸਿਰੜ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਉਸ ਦੀ ਨਾਟ ਸਿਰਜਣਾ ਬਹੁਤ ਉੱਚੇ ਪੱਧਰ ਦੀ ਹੈ।
ਨਾਟਕਕਾਰ ਜਗਦੇਵ ਢਿੱਲੋਂ ਨੇ ਦੱਸਿਆ ਕਿ ਇੱਕ ਸਾਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋ ਕੇ, ਉਸ ਲਈ ਨਾਟਕ ਵਰਗੇ ਖੇਤਰ ਵਿੱਚ ਜਾਣਾ ਮੁਸ਼ਕਿਲਾਂ ਭਰਿਆ ਕਾਰਜ ਰਿਹਾ, ਪਰ ਉਸ ਨੂੰ ਪੜ੍ਹਨ ਅਤੇ ਕਿਤਾਬਾਂ ਨਾਲ ਗੂੜਾ ਲਗਾਅ ਰਿਹਾ, ਇਹ ਕਿਤਾਬਾਂ ਹੀ ਸਨ, ਜਿਨ੍ਹਾਂ ਨੇ ਉਸ ਨੂੰ ਡੋਲਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਲਾ ਤੇ ਸਾਹਿਤ ਤੁਹਾਡੇ ਅੰਦਰ ਸੋਝੀ ਭਰਦੇ ਹਨ।
ਕਵੀ ਦਰਬਾਰ ’ਚ ਦੌਲਤ ਸਿੰਘ ਅਨਪੜ੍ਹ, ਜਰਨੈਲ ਸਿੰਘ ਜ਼ਖ਼ਮੀ, ਨੈਣਪਾਲ ਸਿੰਘ, ਨੇਕ ਰੁਪਾਣਾ, ਮਨਜੀਤ ਸਰਾ, ਸਿਕੰਦਰ ਮਾਨਵ, ਮਲਕੀਤ ਕਿੱਟੀ, ਤਰੱਨੁਮਪ੍ਰੀਤ ਕੌਰ, ਮੋਂਹਟੀ ਸ਼ਰਮਾ ਆਦਿ ਨੇ ਕਾਵਿ ਰਚਨਾਵਾਂ ਦੀਆਂ ਭਾਵਪੂਰਤ ਪੇਸ਼ਕਾਰੀ ਕੀਤੀਆ। ਅੰਤ ਵਿਚ ਮੰਚ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਸਭ ਦਾ ਧੰਨਾਵਦ ਕੀਤਾ। ਮੰਚ ਵੱਲੋਂ ਜਗਦੇਵ ਢਿੱਲੋਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਹਰਮੇਲ ਪਰੀਤ ਨੇ ਕੀਤਾ।