ਪਰਿਸ਼ਦ ਤੇ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ ਭਲਕੇ 14 ਦਸੰਬਰ ਨੂੰ ਪੈਣੀਆਂ ਹਨ, ਜਿਸ ਵਾਸਤੇ ਤਿਆਰੀਆਂ ਮੁਕੰਮਲ ਹਨ ਅਤੇ ਅੱਜ ਪੋਲਿੰਗ ਪਾਰਟੀਆਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਤੋਂ ਚੋਣ ਬੂਥਾਂ ਲਈ ਰਵਾਨਾ ਕੀਤੀਆਂ ਗਈਆਂ। ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਭਲ ਕੇ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ 11 ਜ਼ੋਨਾਂ ਲਈ, ਪੰਚਾਇਤ ਸਮਿਤੀ ਮਾਨਸਾ ਦੇ 25 ਜ਼ੋਨਾਂ ਲਈ, ਪੰਚਾਇਤ ਸਮਿਤੀ ਸਰਦੂਲਗੜ੍ਹ ਦੇ 15 ਜ਼ੋਨਾਂ ਲਈ, ਪੰਚਾਇਤ ਸਮਿਤੀ ਬੁਢਲਾਡਾ ਦੇ 25 ਜ਼ੋਨਾਂ ਲਈ ਤੇ ਪੰਚਾਇਤ ਸਮਿਤੀ ਝੁਨੀਰ ਦੇ 21 ਜ਼ੋਨਾਂ ਲਈ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕੁੱਲ 547 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 35 ਅਤਿ ਸੰਵੇਦਨਸ਼ੀਲ ਬੂਥ ਹਨ, 299 ਸੰਵੇਦਨਸ਼ੀਲ ਬੂਥ ਤੇ 213 ਗੈਰ-ਸੰਵੇਦਨਸ਼ੀਲ ਬੂਥ ਹਨ। ਇਸ ਤੋਂ ਇਲਾਵਾ ਪੰਚਾਇਤ ਸਮਿਤੀਆਂ ਅਧੀਨ ਆਉਂਦੇ ਕੁੱਲ 436598 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ, ਜਿਨ੍ਹਾਂ ਵਿਚ 231912 ਪੁਰਸ਼ ਵੋਟਰ, 204679 ਮਹਿਲਾ ਵੋਟਰ ਤੇ 7 ਟ੍ਰਾਂਸਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਨਿਰਧਾਰਿਤ ਗਿਣਤੀ ਕੇਂਦਰਾਂ ’ਤੇ ਹੋਵੇਗੀ। ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਮਾਨਸਾ ਲਈ ਵੋਟਾਂ ਦੀ ਗਿਣਤੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ, ਪੰਚਾਇਤ ਸਮਿਤੀ ਝੁਨੀਰ ਲਈ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ,ਪੰਚਾਇਤ ਸਮਿਤੀ ਸਰਦੂਲਗੜ੍ਹ ਲਈ ਵੋਟਾਂ ਦੀ ਗਿਣਤੀ ਸਰਦਾਰ ਬਲਰਾਜ ਸਿੰਘ ਭੂੰਦੜ ਸਰਕਾਰੀ ਮੈਮੋਰੀਅਲ ਕਾਲਜ ਸਰਦੂਲਗੜ੍ਹ, ਪੰਚਾਇਤ ਸਮਿਤੀ ਬੁਢਲਾਡਾ ਲਈ ਵੋਟਾਂ ਦੀ ਗਿਣਤੀ ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ ਵਿੱਚ ਹੋਵੇਗੀ।
