ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਰਮੇ ਹੇਠ ਰਕਬਾ ਪਿਛਲੇ ਸਾਲ ਨਾਲੋਂ ਵੀਹ ਫੀਸਦੀ ਵਧਿਆ

ਬਿਜਾਈ ’ਚ ਫਾਜ਼ਿਲਕਾ ਮੋਹਰੀ ਤੇ ਮਾਨਸਾ ਦੋਇਮ; ਖੁਸ਼ਕ ਮੌਸਮ ਨਰਮਾ ਕਾਸ਼ਤਕਾਰਾਂ ਲਈ ਵਰਦਾਨ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 22 ਜੂਨ

Advertisement

ਮਾਲਵੇ ਵਿੱਚ ਮੀਂਹ ਨਾ ਪੈਣ ਕਾਰਨ ਝੋਨੇ ਦੀ ਲੁਆਈ ’ਚ ਪ੍ਰੇਸ਼ਾਨੀ ਆ ਰਹੀ ਹੈ ਪਰ ਨਰਮਾ ਬੀਜਣ ਵਾਲੇ ਕਿਸਾਨਾਂ ਲਈ ਮੀਂਹ ਨਾ ਪੈਣਾ ਵਰਦਾਨ ਸਾਬਤ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਲਈ ਮੀਂਹ ਕਦੇ ਵੀ ਲਾਹੇਵੰਦ ਨਹੀਂ ਰਹੇ ਹਨ ਅਤੇ ਨਰਮਾ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਔੜ ਵਿੱਚ ਵੱਧ ਵੱਧਦਾ-ਫੁੱਲਦਾ ਹੈ। ਮੀਂਹ ਨਾ ਪੈਣ ਕਾਰਨ ਕਿਸਾਨਾਂ ਨੇ ਇਸ ਵਾਰ ਨਦੀਨਾਂ ਨੂੰ ਚੰਗੀ ਤਰ੍ਹਾਂ ਮਾਰ-ਮੁਕਾਇਆ ਹੈ ਅਤੇ ਕਈ ਵਾਰ ਜ਼ਿਆਦਾ ਮੀਂਹ ਪੈਣ ਕਾਰਨ ਅਤੇ ਤਪਸ਼ ਤੋਂ ਨਿੱਕੀ ਫ਼ਸਲ ਨੂੰ ਬਚਾਉਣ ਲਈ ਨਦੀਨ ਹੀ ਨਰਮੇ ਦੇ ਛੋਟੇ ਬੂਟਿਆਂ ਨੂੰ ਦੱਬ ਲੈਂਦੇ ਹਨ। ਇਸ ਵਾਰ ਮਾਲਵਾ ਖੇਤਰ ਵਿੱਚ ਨਰਮੇ ਦੀ ਕਾਸ਼ਤ ਹੇਠ 20 ਫੀਸਦੀ ਰਕਬੇ ਵਿੱਚ ਵਾਧਾ ਹੋਣ ਦਾ ਖੇਤੀ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਹੈ।

ਵੇਰਵਿਆਂ ਅਨੁਸਾਰ ਪਿਛਲੇ ਸਾਲ ਮਾਲਵਾ ਖੇਤਰ ਵਿੱਚ ਨਰਮੇ ਹੇਠ ਕੁੱਲ ਰਕਬਾ 2.49 ਲੱਖ ਏਕੜ ਸੀ ਜੋ ਇਸ ਵਾਰ ਵੱਧ ਕੇ 2.98 ਲੱਖ ਏਕੜ ਹੋ ਗਿਆ ਹੈ। ਮਹਿਕਮੇ ਮੁਤਾਬਕ 49 ਹਜ਼ਾਰ ਏਕੜ ਰਕਬੇ ਵਿੱਚ ਹੋਏ ਵਾਧੇ ਕਾਰਨ ਖੇਤੀ ਵਿਭਿੰਨਤਾ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਹੁਲਾਰਾ ਹਾਸਲ ਹੋਇਆ ਹੈ।

ਖੇਤੀਬਾੜ ਵਿਭਾਗ ਅਨੁਸਾਰ ਮਾਲਵਾ ਖੇਤਰ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ 60121 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਕਾਸ਼ਤ ਹੋਈ ਹੈ, ਜਿਸ ਦਾ ਪੰਜਾਬ ਵਿਚੋਂ ਪਹਿਲਾ ਸਥਾਨ ਹੈ, ਦੂਜਾ ਸਥਾਨ ਮਾਨਸਾ ਦਾ ਹੈ, ਜਿੱਥੇ 27621 ਹੈਕਟੇਅਰ ਰਕਬੇ ਵਿੱਚ ਚਿੱਟੇ ਸੋਨੇ ਦੀ ਫ਼ਸਲ ਖੜ੍ਹੀ ਹੈ। ਉਸ ਤੋਂ ਬਾਅਦ ਬਠਿੰਡਾ (17080 ਹੈਕਟੇਅਰ) ਅਤੇ ਸ੍ਰੀ ਮੁਕਤਸਰ ਸਾਹਿਬ (13240 ਹੈਕਟੇਅਰ) ਦਾ ਸਥਾਨ ਆਉਂਦਾ ਹੈ।

ਡਾ. ਜੀ.ਐਸ ਰੋਮਾਣਾ ਦਾ ਕਹਿਣਾ ਹੈ ਕਿ ਭਾਵੇਂ ਹਾਈਬ੍ਰਿਡ ਅਤੇ ਬੀ.ਟੀ ਕਾਟਨ ਦੀਆਂ ਕਿਸਮਾਂ ਰਵਾਇਤੀ ਨਰਮੇ ਨਾਲੋਂ ਵੱਧ ਪਾਣੀ ਮੰਗਦੀਆਂ ਹਨ, ਪਰ ਇਸ ਫ਼ਸਲ ਨੂੰ ਸ਼ੁਰੂ ਵਿੱਚ ਬਹੁਤੇ ਪਾਣੀ ਲੋੜ ਨਹੀਂ ਹੁੰਦੀ ਹੈ ਅਤੇ ਔੜ ਤੋਂ ਬਾਅਦ ਫੁੱਲ ਅਤੇ ਫ਼ਲ ਚੁੱਕਣ ਵੇਲੇ ਅਤੇ ਫ਼ਿਰ ਫੁੱਲਾਂ ਤੋਂ ਟੀਂਡੇ ਬਣਨ ਸਮੇਂ ਪਾਣੀ ਦੀ ਜ਼ਰੂਰਤ ਪੈਂਦੀ ਹੈ, ਉਸ ਵੇਲੇ ਮਾਲਵਾ ਖੇਤਰ ਵਿੱਚ ਬਾਰਸ਼ਾਂ ਖੁੱਲ ਜਾਂਦੀਆਂ ਹਨ ਜਾਂ ਕਿਸਾਨ ਨਰਮੇ ਨੂੰ ਵੱਧ ਪਾਣੀ ਲਾਉਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਨਰਮਾ ਜੁਲਾਈ-ਅਗਸਤ-ਅਕਤੂਬਰ ਵਿੱਚ ਹੀ ਦੋ ਹਫ਼ਤਿਆਂ ਬਾਅਦ ਪਾਣੀ ਮੰਗਦਾ ਹੈ।

ਕਿਸਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਲੰਬੇ ਸਮੇਂ ਬਾਅਦ ਨਰਮੇ ਦੀ ਫ਼ਸਲ ’ਦੀ ਕੋਈ ਚੰਗੀ ਕਾਰਗੁਜ਼ਾਰੀ ਆਉਣ ਦੀ ਆਸ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਲਵਾ ਖੇਤਰ ਵਿੱਚ ਖੇਤੀ ਵਿਭਿੰਨਤਾ ਨੂੰ ਮੁੜ ਹੁਲਾਰਾ ਮਿਲਣ ਦੀਆਂ ਸੰਭਾਵਨਾਵਾਂ ਪੈਦਾ ਹੋਣ ਲੱਗੀਆਂ ਹਨ।

 

Advertisement