ਮਾਰਕੀਟ ਕਮੇਟੀਆਂ ’ਚ ਨਿਯੁਕਤੀਆਂ: ਭੀਖੀ ਤੇ ਸਰਦੂਲਗੜ੍ਹ ’ਚ ਦਿਵਿਆਂਗ ਬਣੇ ਚੇਅਰਮੈਨ
ਜੋਗਿੰਦਰ ਸਿੰਘ ਮਾਨ
ਮਾਨਸਾ, 25 ਫਰਵਰੀ
ਪੰਜਾਬ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਦੀਆਂ ਦੋ ਮਾਰਕੀਟ ਕਮੇਟੀਆਂ ਦੀ ਚੇਅਰਮੈਨੀ ਆਪ ਦੇ ਆਮ ਵਰਕਰਾਂ ਨੂੰ ਦਿੱਤੀ ਗਈ। ਭੀਖੀ ਅਤੇ ਸਰਦੂਲਗੜ੍ਹ ਵਿੱਚ ਮਾਰਕੀਟ ਕਮੇਟੀਆਂ ਦੇ ਨਵ-ਨਿਯੁਕਤ ਚੇਅਰਮੈਨ ਸਰੀਰਕ ਅਪਾਹਜ (ਵਿਕਲਾਂਗ) ਹਨ। ‘ਆਪ’ ਵਿੱਚ ਉਨ੍ਹਾਂ ਦਾ ਰਾਜਨੀਤੀ ਸਫ਼ਰ ਕੋਈ ਜ਼ਿਆਦਾ ਲੰਬਾ ਨਹੀਂ ਹੈ। ਪਾਰਟੀ ਖੇਮੇ ਅਤੇ ਜ਼ਿਲ੍ਹਾ ਮਾਨਸਾ ’ਚ ਇਨ੍ਹਾਂ ਚੇਅਰਮੈਨੀਆਂ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਆਮ ਆਦਮੀ ਪਾਰਟੀ ਲਈ ਸਾਈਕਲ ’ਤੇ ਪ੍ਰਚਾਰ ਕਰਨ ਵਾਲੇ ਅਤੇ ਕਿਸੇ ਵੇਲੇ ਭੀਖੀ ’ਚ ਪ੍ਰਾਈਵੇਟ ਸਕੂਲ ਚਲਾ ਕੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਮਾਸਟਰ ਵਰਿੰਦਰ ਸੋਨੀ ਨੂੰ ਮਾਰਕੀਟ ਕਮੇਟੀ ਭੀਖੀ ਦੀ ਚੇਅਰਮੈਨੀ ਦਿੱਤੀ ਗਈ ਹੈ। ਉਹ ਸਟੇਟ ਐਵਾਰਡੀ ਵੀ ਹਨ, ਕਿਸੇ ਸੜਕ ਹਾਦਸੇ ’ਚ ਛੋਟੇ ਹੁੰਦਿਆਂ ਉਨ੍ਹਾਂ ਦੀ ਖੱਬੀ ਬਾਂਹ ਕੱਟੀ ਗਈ ਸੀ। ਵਰਿੰਦਰ ਸੋਨੀ ਇਸ ਵੇਲੇ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ ਅਤੇ ਉਨ੍ਹਾਂ ਵਿਆਹ ਨਹੀਂ ਕਰਵਾਇਆ। ਸਾਲ 2012 ਤੋਂ ਉਨ੍ਹਾਂ ਨੇ ‘ਆਪ’ ਲਈ ਕੰਮ ਕਰਨ ਸ਼ੁਰੂ ਕੀਤਾ। ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਜੋ ਮਾਣ ਬਖ਼ਸ਼ਿਆ ਹੈ, ਉਸ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਇੱਕ ਆਮ ਆਦਮੀ ਨੂੰ ਚੇਅਰਮੈਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਾ ਕੋਈ ਸਿਫਾਰਸ਼, ਨਾ ਕੋਈ ਪੈਸਾ-ਟਕਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵੱਡੀ ਜੱਦੋ-ਜਹਿਦ ਕੀਤੀ ਹੈ। ਹੁਣ ਉਨ੍ਹਾਂ ਨੇ ਨਿਯੁਕਤੀ ਤੋਂ ਬਾਅਦ ਚੇਅਰਮੈਨੀ ਲਈ ਧੜੱਲੇ ਨਾਲ ਕੰਮ ਕਰਕੇ ਵਿਖਾਉਣ ਦੀ ਗੱਲ ਕਹੀ ਹੈ। ਵਰਿੰਦਰ ਸੋਨੀ ਜ਼ਿਲ੍ਹਾ ਹੈਂਡੀਕੈਂਪਡ ਐਸੋਸੀਏਸ਼ਨ ਦੀ ਨੁਮਾਇੰਦਗੀ ਵੀ ਕਰਦੇ ਹਨ।
ਇਸੇ ਤਰ੍ਹਾਂ ਸਰਦੂਲਗੜ੍ਹ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਲਾਏ ਰਾਏ ਸਿੰਘ ਪਿੰਡ ਕਾਹਨੇਵਾਲਾ ਅਣ-ਵਿਆਹੇ ਹਨ। 45 ਸਾਲ ਰਾਏ ਸਿੰਘ ਸਰੀਰਕ ਤੌਰ ’ਤੇ 80 ਫੀਸਦੀ ਅਪਹਾਜ ਹਨ। ਰਾਏ ਸਿੰਘ ਨੂੰ ਤਿੰਨ ਸਾਲਾਂ ਦੀ ਉਮਰ ’ਚ ਪੋਲੀਓ ਹੋ ਗਿਆ ਸੀ। ਹੁਣ ਉਹ ਜ਼ਮੀਨ ’ਤੇ ਹੱਥਾਂ ਦੇ ਭਾਰ ਤੁਰਦੇ ਹਨ। ਪਹਿਲਾਂ ਉਨ੍ਹਾਂ ਨੇ ਕੁਝ ਸਮਾਂ ਸਿਲਾਈ-ਕਢਾਈ ਦਾ ਕੰਮ ਕੀਤਾ ਅਤੇ ਪਿੰਡ ਇਕਾਈ ‘ਆਪ’ ਦੇ ਪ੍ਰਧਾਨ ਬਣੇ। ਰਾਏ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੇਅਰਮੈਨੀ ਮਿਲਣ ’ਤੇ ਖੁਦ ਯਕੀਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ, ਜੋ ਚੇਅਰਮੈਨੀ ਦੀ ਕੁਰਸੀ ਦਿੱਤੀ ਹੈ, ਉਹ ਸਾਡੇ ਸਨਮਾਨ ਵਿੱਚ ਪੱਬਾਂ ਭਾਰ ਹੋਣ ਵਰਗਾ ਰੁਤਬਾ ਹੈ ਅਤੇ ਉਹ ਇਸ ’ਤੇ ਸਰਕਾਰ ਦੀਆਂ ਨੀਤੀਆਂ ਮੁਤਾਬਕ ਲੋਕਾਂ ਹਿੱਤਾਂ ਲਈ ਦਿੱਤੀ ਗਈ ਜਿੰਮੇਵਾਰੀ ਨਾਲ ਧੜੱਲੇਦਾਰ ਕੰਮ ਕਰਨਗੇ।