ਸਤਲੁਜ ’ਤੇ ਬਣੇ ਬੰਨ੍ਹ ’ਤੇ ਨਾ ਜਾਣ ਦੀ ਅਪੀਲ
ਸਤਲੁਜ ’ਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਹਨ। ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ੍ਹ ਉੱਤੇ ਪਾਣੀ ਦਾ ਬਹੁਤ ਦਬਾਅ ਹੈ ਅਤੇ ਇਸ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣ ਲਈ ਵਿਭਾਗ ਨੂੰ ਇੱਥੇ ਨਾਲੋਂ-ਨਾਲ ਨਵੀਂ ਮਿੱਟੀ ਪਹੁੰਚਾਉਣੀ ਪੈ ਰਹੀ ਹੈ। ਡੀਸੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਇਲਾਕਾ ਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ, ਇਸ ਦਾ ਸਵਾਗਤ ਹੈ ਪਰ ਜੇਕਰ ਕੋਈ ਦਿੱਕਤ ਆ ਰਹੀ ਹੈ ਤਾਂ ਇਸ ਲਈ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਕਿਸੇ ਕੰਮ ਤੋਂ ਸਤਲੁਜ ਦੀ ਕ੍ਰੀਕ ਦੇ ਕਾਵਾਂ ਵਾਲੀ ਅਤੇ ਦੂਜੇ ਬੰਨਾਂ ’ਤੇ ਪਹੁੰਚ ਰਹੇ ਹਨ। ਅਜਿਹੇ ਲੋਕਾਂ ਦੇ ਉੱਥੇ ਇਕੱਠੇ ਹੋਣ ਅਤੇ ਇਨ੍ਹਾਂ ਦੇ ਵਾਹਨ ਸੜਕ ’ਤੇ ਖੜ੍ਹੇ ਹੋਣ ਕਾਰਨ ਸਤਲੁਜ ਬੰਨ੍ਹ ਤੱਕ ਹੋਰ ਮਿੱਟੀ ਭੇਜਣ ਵਿੱਚ ਦਿੱਕਤ ਆ ਰਹੀ ਹੈ। ਇਸ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਸਿਰਫ਼ ਬੰਨ੍ਹ ਵੇਖਣ ਜਾਂ ਪਾਣੀ ਵੇਖਣ ਲਈ ਸਤਲੁਜ ਦੀ ਕ੍ਰੀਕ ’ਤੇ ਨਾ ਜਾਵੇ। ਇਸ ਤੋਂ ਬਿਨਾਂ ਰਾਹਤ ਸਮੱਗਰੀ ਲੈ ਕੇ ਜਾਣ ਵਾਲਿਆਂ ਨੂੰ ਵੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਵੱਡੇ ਵਾਹਨ ਲੈ ਕੇ ਨਾ ਜਾਣ, ਕਿਉਂਕਿ ਇਸ ਨਾਲ ਟਰੈਫ਼ਿਕ ਵਿੱਚ ਰੁਕਾਵਟ ਆਉਂਦੀ ਹੈ ਅਤੇ ਬੰਨ੍ਹ ਤੱਕ ਮਿੱਟੀ ਪਹੁੰਚਾਉਣ ਵਿੱਚ ਦੇਰੀ ਹੁੰਦੀ ਹੈ। ਰਾਹਤ ਕਾਰਜਾਂ ਵਿੱਚ ਲੱਗੀਆਂ ਕਿਸ਼ਤੀਆਂ ਨੂੰ ਵੀ ਆਪਣੀ ਰਫ਼ਤਾਰ ਹੌਲੀ ਕਰਨ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਤਾਂ ਕਿ ਇਨ੍ਹਾਂ ਦੀਆਂ ਛੱਲਾਂ ਨਾਲ ਬੰਨ੍ਹ ਨੂੰ ਨੁਕਸਾਨ ਨਾ ਪਹੁੰਚੇ।