ਬਲਾਕ ਪੁਨਰਗਠਨ ਦਾ ਫ਼ੈਸਲਾ ਫੌਰੀ ਵਾਪਸ ਲੈਣ ਦੀ ਅਪੀਲ
ਬਲਾਕ ਪੁਨਰਗਠਨ ਦੇ ਨਾਂ ’ਤੇ ਰਾਜ ਦੇ ਸੈਂਕੜੇ ਪਿੰਡਾਂ ਨੂੰ ਪਹਿਲੇ ਬਲਾਕ ਦਫ਼ਤਰਾਂ ਨਾਲੋਂ ਤੋੜ ਕੇ ਦੂਸਰੇ-ਦੁਰੇਡੇ ਬਲਾਕ ਦਫ਼ਤਰਾਂ ਨਾਲ ਜੋੜੇ ਜਾਣ ਖ਼ਿਲਾਫ਼ ਜਨਤਕ ਜਥੇਬੰਦੀਆਂ ਦੇ ਵਫ਼ਦ ਵੱਲੋਂ ਡੀ ਸੀ ਬਰਨਾਲਾ ਟੀ. ਬੈਨਿਥ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਸਿਆਸੀ ਮੁਫ਼ਾਦ ਤਹਿਤ ਕੀਤਾ ਜਾ ਰਿਹਾ ਹੈ ਪ੍ਰੰਤੂ ਇਸ ਦਾ ਆਮ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਉਲਟਾ ਉਕਤ ਪਿੰਡਾਂ ਦੇ ਵਾਸੀਆਂ ਨੂੰ ਆਪਣੇ ਕੰਮਕਾਜ ਲਈ 40 ਤੋਂ 50 ਕਿਲੋਮੀਟਰ ਦੂਰ ਜਾਣਾ ਪਿਆ ਕਰੇਗਾ ਜੋ ਲੋਕਾਂ ਲਈ ਆਰਥਿਕ ਬੋਝ ਅਤੇ ਪ੍ਰੇਸ਼ਾਨੀ ਦਾ ਸਬੱਬ ਹੀ ਬਣੇਗਾ। ਆਗੂਆਂ ਸਰਕਾਰ ਤੋਂ ਮੰਗ ਕੀਤੀ ਕਿ ਬਲਾਕਾਂ ਦੇ ਪੁਨਰਗਠਨ ਦੀ ਨੀਤੀ ਤੁਰੰਤ ਵਾਪਸ ਲਈ ਜਾਵੇ। ਇਸ ਤੋਂ ਇਲਾਵਾ ਹੜ੍ਹ ਪੀੜਤ ਮਜ਼ਦੂਰ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਵੀ ਕੀਤੀ। ਆਗੂਆਂ ਇਹ ਵੀ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਸਰਕਾਰ ਦਾ ਰੁਖ਼ ਭਾਂਪਦਿਆਂ ਜਥੇਬੰਦੀਆਂ ਦੀ ਅਗਲੀ ਸਾਂਝੀ ਮੀਟਿੰਗ 31 ਅਕਤੂਬਰ ਨੂੰ ਇੱਥੇ ਤਰਕਸ਼ੀਲ ਭਵਨ ਵਿਖੇ ਕੀਤੀ ਜਾਵੇਗੀ ਤੇ ਅਗਲੇ ਐਕਸ਼ਨ ਪ੍ਰੋਗਰਾਮ ਦਾ ਫ਼ੈਸਲਾ ਕੀਤਾ ਜਾਵੇਗਾ।
