ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ ਵਿਰੋਧ ਮਾਮਲਾ: ਕਿਸੇ ਇੱਕ ਅਪਰਾਧੀ ਦੀ ਸਜ਼ਾ ਸਮੁੱਚੇ ਭਾਈਚਾਰੇ ਨੂੰ ਦੇਣੀ ਗੈਰਵਾਜਬ: ਤਰਕਸ਼ੀਲ ਸੁਸਾਇਟੀ

ਮੁਲਜ਼ਮਾਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ; ਪੰਜਾਬ ਦੇ ਲੋਕਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਅਤੇ ਭਾਈਚਾਰਕ ਏਕਤਾ ਦੀ ਕੀਤੀ ਅਪੀਲ
ਬਰਨਾਲਾ ਮੁੱਖ ਦਫ਼ਤਰ ਵਿੱਚ ਗੱਲਬਾਤ ਕਰਦੇ ਹੋਏ ਤਰਕਸ਼ੀਲ ਸੂਬਾ ਕਮੇਟੀ ਆਗੂ।
Advertisement
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਇਕ ਪਰਵਾਸੀ ਵੱਲੋਂ ਪੰਜ ਸਾਲ ਦੇ ਬੱਚੇ ਦੇ ਵਹਿਸ਼ੀ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਉਸ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਕੁੱਝ ਸਮੂਹਾਂ ਅਤੇ ਪੰਚਾਇਤਾਂ ਵੱਲੋਂ ਪਾਸ ਕੀਤੇ ਗੈਰ ਜਮਹੂਰੀ ਮਤਿਆਂ ਰਾਹੀਂ ਪਰਵਾਸੀ ਲੋਕਾਂ ਵਿਰੁੱਧ ਫਿਰਕੂ ਨਫ਼ਰਤ ਫੈਲਾਉਣ ਅਤੇ ਪੰਜਾਬ ਛੱਡ ਕੇ ਜਾਣ ਦੀਆਂ ਧਮਕੀਆਂ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਵੀ ਕੀਤੀ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਦਫਤਰ ਸਕੱਤਰ ਹੇਮ ਰਾਜ ਸਟੈਨੋਂ, ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਮੁੱਖ ਦਫਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਪਰਵਾਸੀ ਵੱਲੋਂ ਹੁਸ਼ਿਆਰਪੁਰ ਵਿੱਚ ਪੰਜ ਸਾਲਾਂ ਦੇ ਬੱਚੇ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਦੁਖਦਾਈ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ ਵਲੂੰਧਰਿਆ ਹੈ ਪਰ ਕੁਝ ਪੰਚਾਇਤਾਂ ਅਤੇ ਗਰੁੱਪਾਂ ਵੱਲੋਂ ਕਿਸੇ ਇਕ ਵਿਅਕਤੀ ਵੱਲੋਂ ਕੀਤੇ ਅਪਰਾਧ ਲਈ ਸਮੁੱਚੇ ਪਰਵਾਸੀ ਭਾਈਚਾਰੇ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਦੀ ਕਾਰਵਾਈ ਪੰਜਾਬ ਵਿਚਲੀ ਭਾਈਚਾਰਕ ਏਕਤਾ ਅਤੇ ਅਮਨ ਸ਼ਾਂਤੀ ਲਈ ਸਰਾਸਰ ਖ਼ਤਰਨਾਕ, ਗੈਰ ਜਮਹੂਰੀ ਅਤੇ ਲੋਕ ਵਿਰੋਧੀ ਹੈ।

Advertisement

ਉਨ੍ਹਾਂ ਅਜਿਹੀ ਭਰਾ ਮਾਰੂ ਜੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਕੁਝ ਫ਼ਿਰਕੂ ਸੰਗਠਨ ਅਜਿਹੀ ਫਿਰਕੂ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਨੂੰ ਉਭਾਰ ਕੇ ਜਿੱਥੇ ਪੰਜਾਬ ਵਿੱਚ ਪਰਵਾਸੀਆਂ ਅਤੇ ਬਿਹਾਰ ਚੋਣਾਂ ਵਿੱਚ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਚਾਹੁੰਦੇ ਹਨ ਉਥੇ ਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪੰਜਾਬੀਆਂ ਅਤੇ ਸਿੱਖਾਂ ਵਿਰੁੱਧ ਫਿਰਕੂ ਦੰਗੇ ਫਸਾਦਾਂ ਦਾ ਮਾਹੌਲ ਸਿਰਜ ਕੇ ਉਨ੍ਹਾਂ ਨੂੰ ਉਜਾੜਨ ਤੇ ਬਰਬਾਦ ਕਰਨ ਦੀ ਸਾਜ਼ਿਸ਼ ਵੀ ਕਰ ਰਹੇ ਹਨ ਜਿਸ ਖ਼ਿਲਾਫ਼ ਲੋਕ ਪੱਖੀ ਅਤੇ ਅਗਾਂਹਵਧੂ ਜਨਤਕ ਜਮਹੂਰੀ ਜੱਥੇਬੰਦੀਆਂ ਨੂੰ ਇਕਜੁੱਟ ਹੋ ਕੇ ਕਿਰਤੀਆਂ ਕਾਮਿਆਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਫਿਰਕੂ ਸਾਜਿਸ਼ਾਂ ਦਾ ਮੁਕਾਬਲਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਵੀ ਲੋਕਾਂ ਦਾ ਧਿਆਨ ਹੜ੍ਹਾਂ ਰਾਹੀਂ ਹੋਈ ਬਰਬਾਦੀ ਤੇ ਮੁੜ ਵਸੇਬੇ ਆਦਿ ਅਸਲ ਮੁੱਦਿਆਂ ਤੋਂ ਪਾਸੇ ਹਟਾਉਣ ਲਈ ਅਜਿਹੇ ਫਿਰਕੂ ਮੁੱਦਿਆਂ ਉਤੇ ਸਾਜਿਸ਼ੀ ਚੁੱਪ ਧਾਰੀ ਬੈਠੀਆਂ ਹਨ।

ਤਰਕਸ਼ੀਲ ਆਗੂਆਂ ਨੇ ਪੰਜਾਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਦੇ ਪਿਛੋਕੜ ਦੀ ਤਹਿਕੀਕਾਤ ਕਰਨ ਦੀ ਮੰਗ ਕਰਦਿਆਂ ਪਰਵਾਸੀਆਂ ਦੇ ਵਿਰੁੱਧ ਮਤੇ ਪਾਸ ਕਰਨ ਵਾਲੀਆਂ ਪੰਚਾਇਤਾਂ ਨੂੰ ਭਾਈਚਾਰਕ ਸਾਂਝ,ਦੂਰ ਅੰਦੇਸ਼ੀ ਅਤੇ ਸਹਿਣਸ਼ੀਲਤਾ ਰੱਖਣ ਅਤੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਸਖ਼ਤ ਸਜ਼ਾਵਾਂ ਦਿਵਾਉਣ ਲਈ ਸਾਂਝੇ ਮੰਚ ਤੋਂ ਉਪਰਾਲੇ ਕਰਨ ਦੀ ਅਪੀਲ ਕੀਤੀ।

Advertisement
Tags :
latest punjabi newsPunjabi NewsPunjabi Tribunepunjabi tribune updateਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿੳੂਨ
Show comments