ਨਸ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਨੌਜਵਾਨ ; ਚਿੱਟੇ ਦਾ ਟੀਕਾ ਲਗਾਉਂਦੇ ਹੋਈ ਮੌਤ
ਇੱਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਂਦੇ ਹੋਏ ਮੌਤ ਹੋ ਗਈ। ਗੁਰਪ੍ਰੀਤ ਸਿੰਘ ਕਾਕਾ ਨਾਮੀ (30) ਸਾਲਾਂ ਨੌਜਵਾਨ ਪਿੰਡ ਅਕਾਲੀਆਂ ਵਾਲਾ ਦਾ ਰਹਿਣ ਵਾਲਾ ਸੀ ਅਤੇ ਨਸ਼ੇ ਕਰਨ ਦਾ ਆਦੀ ਸੀ।
ਜਾਣਕਾਰੀ ਅਨੁਸਾਰ ਲੰਘੀ ਦੇਰ ਸ਼ਾਮ ਉਕਤ ਨੌਜਵਾਨ ਪਿੰਡ ਤੋਂ ਤਖਤੂਵਾਲਾ ਪਿੰਡ ਨੂੰ ਜਾਂਦੇ ਕੱਚੇ ਰਾਹ ਉੱਤੇ ਨਹਿਰੀ ਸੇਮ ਨਾਲੇ ਵਿੱਚ ਮਿਤ੍ਰਕ ਹਾਲਾਤ ਵਿੱਚ ਮਿਲਿਆ। ਉਸਦੇ ਹੱਥ ਵਿੱਚ ਚਿੱਟੇ ਦਾ ਭਰਿਆ ਸਰਿੰਜ ਮਿਲਿਆ। ਜਿਸ ਤੋਂ ਅੰਦਾਜ਼ਾ ਹੈ ਕਿ ਉਸਦੀ ਮੌਤ ਚਿੱਟੇ ਦਾ ਟੀਕਾ ਲਾਉਣ ਸਮੇਂ ਹੋਈ ਹੈ।
ਪਿੰਡ ਵਾਸੀ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਆਗੂ ਬਲਜੀਤ ਸਿੰਘ ਅਕਾਲੀਆਂ ਵਾਲਾ ਨੇ ਦੱਸਿਆ ਕਿ ਮਿਤ੍ਰਕ ਕਾਕਾ ਨਾਮੀ ਨੌਜਵਾਨ ਨੇ ਕਿਸੇ ਨੇੜਲੇ ਸਥਾਨ ਤੋਂ ਚਿੱਟੇ ਦਾ ਨਸ਼ਾ ਲਿਆ ਅਤੇ ਟੀਕਾ ਲਗਾਉਂਦੇ ਸਮੇਂ ਉਸਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲੀਸ ਦੀ ਨਸ਼ਾ ਵਿਰੋਧੀ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਨਸ਼ਿਆਂ ਦੀ ਖ਼ਰੀਦ ਵੇਚ ਦਾ ਧੰਦਾ ਵੀ ਪਹਿਲਾਂ ਨਾਲੋਂ ਜ਼ਿਆਦਾ ਵੱਧ ਚੁੱਕਾ ਹੈ।
ਥਾਣਾ ਮੁਖੀ ਸੁਨੀਤਾ ਬਾਵਾ ਦਾ ਕਹਿਣਾ ਸੀ ਕਿ ਪਰਿਵਾਰ ਨੇ ਪੁਲੀਸ ਨੂੰ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਹਿਲਾਂ ਤੋਂ ਹੀ ਨਸ਼ਿਆਂ ਦਾ ਆਦੀ ਸੀ ਅਤੇ ਹੁਣ ਰਿਸ਼ਤੇਦਾਰੀ ਵਿੱਚ ਪਿੰਡ ਕਿਸ਼ਨਪੁਰਾ ਕਲਾਂ ਰਹਿ ਰਿਹਾ ਸੀ। ਕੁਝ ਦਿਨਾਂ ਤੋਂ ਇੱਥੇ ਆਇਆ ਹੋਇਆ ਸੀ ਕੱਲ੍ਹ ਉਹ ਜਦੋਂ ਘਰ ਤੋਂ ਬਾਹਰ ਸੀ ਤਾਂ ਅਚਾਨਕ ਉਸਦੀ ਤਬੀਅਤ ਵਿਗੜ ਗਈ ਅਤੇ ਡਾਕਟਰ ਕੋਲ ਲਿਜਾਣ ਸਮੇਂ ਉਸਦੀ ਮੌਤ ਹੋ ਗਈ।