‘ਮੁੜ ਤੋਂ ਕਰੋ ਜ਼ਮੀਨੀ ਵੰਡ’ ਲਾਮਬੰਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਲੋਕ ਮੋਰਚਾ ਪੰਜਾਬ ਨੇ ਪੰਜਾਬ ਦੇ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਹਾਸਲ ਕਰਨ ਤੇ ਬਚਾਉਣ ਲਈ ਲਾਮਬੰਦ ਹੋ ਕੇ ਸੰਘਰਸ਼ ਦਾ ਪਿੜ ਮੱਲਣ ਦਾ ਸੱਦਾ ਦਿੱਤਾ ਹੈ। ਇਸ ਲਾਮਬੰਦੀ ਮੁਹਿੰਮ ਦੀ ਸ਼ੁਰੂਆਤ ਇਨ੍ਹਾਂ ਜਥੇਬੰਦੀਆਂ ਨੇ 29 ਅਗਸਤ ਨੂੰ ਦਾਣਾ ਮੰਡੀ ਬਠਿੰਡਾ ਵਿੱਚ ਸੂਬਾਈ ਕਨਵੈਨਸ਼ਨ ਕਰਕੇ ਕਰਨ ਦਾ ਫੈਸਲਾ ਕੀਤਾ ਹੈ। ਕਨਵੈਨਸ਼ਨ ਤੋਂ ਬਾਅਦ ਪੂਰਾ ਇੱਕ ਮਹੀਨਾ ਪੰਜਾਬ ਭਰ ਵਿੱਚ ਇਕੱਤਰਤਾਵਾਂ, ਜਨਤਕ ਮੀਟਿੰਗਾਂ ਅਤੇ ਜਨਤਕ ਮੁਜ਼ਾਹਰੇ ਕੀਤੇ ਜਾਣਗੇ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਦਾ ਹਮਲਾ ਪੰਜਾਬ ਦੀ ਜਥੇਬੰਦ ਕਿਸਾਨ ਲਹਿਰ ਵੱਲੋਂ ਇੱਕ ਵਾਰੀ ਰੋਕ ਦਿੱਤਾ ਗਿਆ ਹੈ, ਪਰ ਅਜਿਹੇ ਹਮਲੇ ਰੋਕਣ ਨਾਲ ਵੀ ਪੰਜਾਬ ਦੇ ਖੇਤੀ ਸੰਕਟ ਦਾ ਹੱਲ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤੀ ਸੰਕਟ ਦਾ ਹੱਲ, ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਜ਼ਮੀਨਾਂ ਸਮੇਤ ਖੇਤੀ ਦੇ ਸੰਦ ਸਾਧਨਾਂ ਦੀ ਮੁੜ ਵੰਡ ਦੇ ਬੁਨਿਆਦੀ ਕਦਮਾਂ ’ਚ ਪਿਆ ਹੈ। ਉਨ੍ਹਾਂ ਆਖਿਆ ਕਿ ਖੇਤ ਮਜ਼ਦੂਰ, ਬੇਜ਼ਮੀਨੇ ਕਿਸਾਨ ਅਤੇ ਛੋਟੇ ਗਰੀਬ ਕਿਸਾਨ, ਪੰਜਾਬ ਦੀ ਪੇਂਡੂ ਆਬਾਦੀ ’ਚ ਵੱਡਾ ਹਿੱਸਾ ਬਣਦੇ ਹਨ।