ਹਾੜ੍ਹੀ ਦੀ ਬਿਜਾਈ ਲਈ ਕਿਸਾਨਾਂ ਦੀ ਹਰ ਪੱਖੋਂ ਮਦਦ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਨੇ ਫੈਸਲਾ ਕੀਤਾ ਹੈ ਕਿ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਜਿੱਥੇ ਸਰਕਾਰ ਖ਼ਿਲਾਫ਼ ਅੰਦੋਲਨ ਵਿੱਢਿਆ ਜਾਵੇਗਾ, ਉਥੇ ਸਭ ਤੋਂ ਪਹਿਲਾਂ ਜਥੇਬੰਦੀ ਵੱਲੋਂ ਲੋੜਵੰਦ ਕਿਸਾਨਾਂ ਦੀ ਬੀਜ, ਖਾਦ ਵਿੱਚ ਸਹਾਇਤਾ ਕਰਕੇ ਕਣਕ ਦੀ ਬਿਜਾਈ ਸਮੇਂ ਸਿਰ ਕਰਵਾਈ ਜਾਵੇਗੀ। ਜਥੇਬੰਦੀ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਗਾਰ ਭਰ ਗਈ ਹੈ, ਉਨ੍ਹਾਂ ਦੇ ਖੇਤਾਂ ’ਚ ਹਾੜ੍ਹੀ ਦੀ ਫ਼ਸਲ ਛੇਤੀ ਬੀਜਣ ਲਈ ਭਾਈਚਾਰਕ ਤੌਰ ’ਤੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਅੱਜ ਇਥੇ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਸਾਹਮਣੇ ਦਿੱਤੇ ਗਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਕਿਹਾ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਸਭ ਤੋਂ ਪਹਿਲਾਂ ਜਿਹੜੇ ਖੇਤਾਂ ਵਿੱਚ ਸਾਉਣੀ ਦੀਆਂ ਫ਼ਸਲਾਂ ਦਾ ਹੜ੍ਹਾਂ ਅਤੇ ਮੀਂਹਾਂ ਨਾਲ ਨੁਕਸਾਨ ਹੋ ਗਿਆ, ਉਨ੍ਹਾਂ ਖੇਤਾਂ ਵਿੱਚ ਹਾੜੀ ਦੀ ਫ਼ਸਲ ਸਮੇਂ-ਸਿਰ ਬੀਜਣੀ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦਾ ਹਾੜੀ ਲਈ ਰੱਖਿਆ ਹੋਇਆ ਬੀਜ ਮੀਂਹਾਂ ਕਾਰਨ ਸਲਾਬਾ ਹੋ ਗਿਆ ਹੈ ਜਾਂ ਭਿੱਜ ਗਿਆ ਹੈ, ਉਹ ਬੀਜਣ ਯੋਗ ਨਾ ਰਹਿਣ ਕਾਰਨ, ਹੁਣ ਉਸਦੀ ਥਾਂ ਨਵਾਂ ਬੀਜ ਕਿਸਾਨ ਨੂੰ ਲੈਕੇ ਦੇਣ ਲਈ ਜਥੇਬੰਦੀ ਹਰ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਪਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਜਥੇਬੰਦੀ ਮੁਆਵਜ਼ਾ ਦੇਣ ਵਾਸਤੇ ਹੋਰ ਦਬਾਅ ਪਾਇਆ ਜਾਵੇਗਾ। ਇਸੇ ਦੌਰਾਨ ਜਥੇਬੰਦੀ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮਾਨਸਾ ਸਥਿਤ ਦਫ਼ਤਰ ਵਿਖੇ ਐੱਸਡੀਓ ਦਾ ਘਿਰਾਓ ਕਰਕੇ ਧਰਨਾ ਲਾਇਆ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ ਨੇ ਦੱਸਿਆ ਕਿ ਤਿੰਨ ਪਿੰਡਾਂ ਦੇ ਟਰਾਂਸਫਰਮ ਪਾਸ ਹੋਣ ’ਤੇ ਅਧਿਕਾਰੀਆਂ ਵੱਲੋਂ ਨਹੀਂ ਧਰੇ ਜਾ ਰਹੇ, ਜਦੋਂ ਕਿ ਪਿੰਡਾਂ ਦੇ ਲੋਕਾਂ ਸਮੇਤ ਜਥੇਬੰਦੀ ਦੇ ਆਗੂ ਛੇ ਮਹੀਨਿਆਂ ਤੋਂ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਵਿੱਚ ਗੇੜੇ ਮਾਰ ਰਹੇ ਹਨ। ਧਰਨੇ ਦੌਰਾਨ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਨੇ 5 ਦਿਨਾਂ ਵਿੱਚ ਸਾਰੇ ਮਸਲੇ ਦੂਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁਕਿਆ ਗਿਆ।