ਤਲਵਾਰਬਾਜ਼ੀ ’ਚ ਸੋਨ ਤਗ਼ਮਾ ਜਿੱਤਣ ਵਾਲੇ ਅੰਕੁਸ਼ ਦਾ ਭਰਵਾਂ ਸਵਾਗਤ
ਉਤਰਾਖੰਡ ਦੇ ਹਲਦਵਾਨੀ ਵਿੱਚ 18 ਦੇਸ਼ਾਂ ਦੀ ਚਾਰ ਦਿਨਾਂ ਹੋਈਆਂ ਫੈਂਸਿੰਗ ਏਸ਼ੀਅਨ ਕੈਡੇਟ ਕੱਪ 2025 ਮੁਕਾਬਲਿਆਂ ਵਿੱਚ ਮਾਨਸਾ ਦੇ ਨੌਜਵਾਨ ਨੇ ਭਾਰਤ ਟੀਮ ਲਈ ਖੇਡਦਿਆਂ ਸੋਨ ਤਗ਼ਮਾ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਮਾਨਸਾ ਪਹੁੰਚਣ ’ਤੇ ਜ਼ਿਲ੍ਹਾ ਵਾਸੀਆਂ ਵੱਲੋਂ ਖਿਡਾਰੀਆਂ ਦਾ ਗਰਮਜੋਸ਼ੀ ਦੇ ਨਾਲ ਭਰਵਾਂ ਸਵਾਗਤ ਕੀਤਾ ਗਿਆ ਤੇ ਖੁੱਲੀ ਜੀਪ ਵਿੱਚ ਸ਼ਹਿਰ ਲਿਜਾਇਆ ਗਿਆ।
ਮਾਨਸਾ ਜ਼ਿਲ੍ਹੇ ਦੇ ਅੰਕੁਸ਼ ਜਿੰਦਲ ਨੇ ਉੱਤਰਾਖੰਡ ਵਿਖੇ 18 ਦੇਸ਼ਾਂ ਦੀਆਂ ਹੋਈਆਂ ਏਸ਼ਿਆਈ ਗੇਮਾਂ 2025 ਦੇ ਵਿੱਚ ਫੈਂਸਿੰਗ ਮੁਕਾਬਲਿਆਂ ’ਚੋਂ ਭਾਰਤ ਟੀਮ ਦੇ ਲਈ ਸੋਨ ਤਗ਼ਮਾ ਜਿੱਤਿਆ ਹੈ। ਵਿਅਕਤੀਗਤ ਤੌਰ ’ਤੇ ਖੇਡਦੇ ਹੋਏ ਅੰਕੁਸ਼ ਤੇ ਇਸ਼ਿਤਾ ਦੋਨਾਂ ਨੇ ਕਾਂਸੀ ਤਗ਼ਮਾ ਜਿੱਤ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਅੱਜ ਰੇਲਵੇ ਸਟੇਸ਼ਨ ਮਾਨਸਾ ਪਹੁੰਚਣ ’ਤੇ ਵਿਧਾਇਕ ਡਾ. ਵਿਜੈ ਸਿੰਗਲਾ ਤੇ ਜ਼ਿਲ੍ਹਾ ਵਾਸੀਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮਾਨਸਾ ਦੇ ਅੰਕੁਸ਼ ਜਿੰਦਲ ਨੇ ਏਸ਼ਿਆਈ ਗੇਮਾਂ ਵਿੱਚ ਫੈਂਸਿੰਗ ਮੁਕਾਬਲਿਆਂ ’ਚੋਂ ਸੋਨ ਤਗਮਾ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵੀ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਜਿੱਥੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਮਾਨਸਾ ਜ਼ਿਲ੍ਹੇ ਦਾ ਨਾਮ ਵੀ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ। ਸੋਨ ਤਗ਼ਮਾ ਜਿੱਤਣ ਵਾਲੇ ਨੌਜਵਾਨ ਅੰਕੁਸ਼ ਜਿੰਦਲ ਨੇ ਆਪਣੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਸੋਨ ਤਗ਼ਮਾ ਜਿੱਤਿਆ ਅਤੇ ਉਨ੍ਹਾਂ ਦਾ ਅਗਲਾ ਟੀਚਾ ਓਲੰਪਿਕ ਖੇਡਾਂ ਵਿੱਚ ਦੇਸ਼ ਦੇ ਲਈ ਖੇਡਣ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਚ ਵੱਲੋਂ ਵੀ ਖ਼ਤ ਮਿਹਨਤ ਕਰਵਾਈ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਉਨ੍ਹਾਂ ਏਸ਼ਿਆਈ ਖੇਡਾਂ ਵਿੱਚ ਖੇਡ ਕੇ ਭਾਰਤ ਲਈ ਸੋਨ ਤਗ਼ਮਾ ਜਿੱਤਿਆ ਹੈ। ਇਸ ਦੌਰਾਨ ਇਸ਼ਿਤਾ ਨੇ ਕਾਂਸੀ ਤਗਮਾ ਹਾਸਲ ਕਰਨ ’ਤੇ ਖੁਸ਼ੀ ਮਹਿਸੂਸ ਕੀਤੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਹੁਣ ਖੇਡਾਂ ਅਤੇ ਪੜ੍ਹਾਈ ਵਿੱਚ ਪਛੜੇਪਣ ਦਾ ਦਾਗ਼ ਧੋਣ ਲੱਗੇ ਹਨ, ਜੋ ਆਪਣੇ-ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ।