ਬੀੜ ਤਲਾਬ ਚਿੜੀਆਘਰ ’ਚ ਪਰਦੇ ’ਤੇ ਦਿਖਾਈ ਦੇਣਗੇ ਜਾਨਵਰ
ਮਨੋਜ ਸ਼ਰਮਾ
ਬਠਿੰਡਾ, 22 ਜੂਨ
ਬਠਿੰਡਾ ਦੇ ਮਲਤਨੀਆਂ ਸਥਿਤ 161 ਏਕੜ 'ਚ ਫੈਲੇ ਬੀੜ ਤਲਾਬ ਚਿੜੀਆ ਘਰ ਨੂੰ ਖਿੱਚ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਇੱਥੇ ਹੁਣ ਇੱਕ ਮਿਨੀ ਥੀਏਟਰ ਤਿਆਰ ਹੋ ਗਿਆ ਹੈ, ਜੋ ਜਲਦ ਹੀ ਲੋਕਾਂ ਲਈ ਖੋਲ੍ਹਿਆ ਜਾਵੇਗਾ। ਇਸ ਮਿਨੀ ਸਿਨੇਮਾ ਵਿੱਚ ਜੰਗਲੀ ਜੀਵਾਂ ਨਾਲ ਸਬੰਧਤ ਫ਼ਿਲਮਾਂ ਦਿਖਾਈਆਂ ਜਾਣਗੀਆਂ ਜਿਸ ਦਾ ਉਦਘਾਟਨ ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਕਰਨਗੇ। ਦੱਸਣਯੋਗ ਹੈ ਕਿ ਇਸ ਥੀਏਟਰ ਦੀ ਲਾਗਤ ਲਗਪਗ 35 ਲੱਖ ਰੁਪਏ ਆਈ ਹੈ ਅਤੇ ਇੱਥੇ ਜੰਗਲੀ ਜੀਵਾਂ ਦੀ ਸੰਭਾਲ ਸਬੰਧੀ ਜਾਗਰੂਕਤਾ ਵਧਾਉਣ ਲਈ ਛੋਟੀਆਂ-ਛੋਟੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਬਠਿੰਡਾ ਚਿੜੀਆ ਘਰ ਦੇ ਇੰਚਾਰਜ ਅਤੇ ਰੇਂਜ ਅਧਿਕਾਰੀ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥੀਏਟਰ ’ਚ 58 ਸੀਟਾਂ ਹਨ ਅਤੇ ਇਸ ਨੂੰ ਏਅਰ ਕੰਡੀਸ਼ਨਡ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚਿੜੀਆ ਘਰ ਆਉਣ ਵਾਲਿਆਂ ਨੂੰ ਵਣ ਜੀਵਾਂ ਬਾਰੇ ਜਾਣਕਾਰੀ ਦੇਣ ਲਈ ਇਹ ਥੀਏਟਰ ਇੱਕ ਮਹੱਤਵਪੂਰਨ ਕਦਮ ਹੈ। ਇਸ ਦੇ ਨਾਲ ਉਨ੍ਹਾਂ ਖੁਲਾਸਾ ਕੀਤਾ ਕਿ ਚਿੜੀਆ ਘਰ ਵਿੱਚ 2,000 ਵਰਗ ਮੀਟਰ ਖੇਤਰ 'ਚ ਦੋ ਕਾਲੇ ਭਾਲੂਆਂ ਲਈ 88 ਲੱਖ ਦੀ ਲਾਗਤ ਨਾਲ ਪਿੰਜਰੇ ਵੀ ਤਿਆਰ ਕੀਤੇ ਗਏ ਹਨ। ਹਾਲਾਂਕਿ, ਇਨ੍ਹਾਂ ਭਾਲੂਆਂ ਨੂੰ ਲਿਆਉਣ ਲਈ ਕੇਂਦਰੀ ਚਿੜੀਆਘਰ ਅਥਾਰਿਟੀ ਦੀ ਮਨਜ਼ੂਰੀ ਨਾ ਮਿਲਣ ਕਰਨ ਕੰਮ ਵਿਚਾਲੇ ਲਟਕਿਆ ਹੋਇਆ ਹੈ। ਗੌਰਤਲਬ ਹੈ ਕਿ ਮਨਜ਼ੂਰੀ ਮਿਲਣ ’ਤੇ ਦੋ ਕਾਲੇ ਭਾਲੂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨੇਚਰ ਪਾਰਕ ਤੋਂ ਲਿਆਂਦੇ ਜਾਣਗੇ। ਮਾਲਵੇ ਦੇ ਇਸ ਚਿੜੀਆਘਰ ਵਿੱਚ ਤੇਂਦੂਏ, ਕਾਲੇ ਹਿਰਨ, ਬਾਂਦਰ ਅਤੇ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਮੌਜੂਦ ਹਨ। ਇੱਥੇ ਇੱਕ ਡੀਅਰ ਸਫਾਰੀ ਵੀ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਗੁਰਦੀਪ ਸਿੰਘ ਨੇ ਦੱਸਿਆ ਕਿ ਚਿੜੀਆ ਘਰ ਦੀ ਐਂਟਰੀ ਫੀਸ ਤੋਂ ਇਲਾਵਾ ਥੀਏਟਰ ਲਈ ਉਹ 10 ਰੁਪਏ ਪ੍ਰਤੀ ਬੱਚਾ, 50 ਰੁਪਏ ਪ੍ਰਤੀ ਵਿਅਕਤੀ ਅਤੇ ਗਰੁੱਪਾਂ ਲਈ 20 ਰੁਪਏ ਪ੍ਰਤੀ ਵਿਅਕਤੀ ਟਿਕਟ ਰੱਖੇਗੀ ਜਾਵੇਗੀ। ਚਿੜੀਆ ਘਰ ਵਿੱਚ ਨਵੇਂ ਬਣੇ ਇਸ ਜੰਗਲੀ ਜੀਵ ਸਿਨੇਮਾ ਨੂੰ ਦੇਖਣ ਲਈ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਕੈਪਸ਼ਨ: ਬਠਿੰਡਾ ਦੇ ਬੀੜ ਤਲਾਬ ਚਿੜੀਅ ਘਰ ਵਿਚਲੇ ਮਿਨੀ ਥੀਏਟਰ ਦੀ ਝਲਕ।