ਅੰਮ੍ਰਿਤ ਅਗਰਵਾਲ ਵੱਲੋਂ ਮਿੱਡ-ਡੇਅ-ਮੀਲ ਸ਼ੈੱਡ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਅਪਰੈਲ
ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਇੱਥੇ ਮਾਲ ਰੋਡ ’ਤੇ ਸਥਿਤ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਿੱਡ-ਡੇਅ-ਮੀਲ ਸ਼ੈੱਡ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸ਼ੈੱਡ ਲਈ ਪੰਜਾਬ ਸਰਕਾਰ ਵੱਲੋਂ 2.26 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਅੰਦਰ ਬਾਸਕਟਬਾਲ ਦੇ ਗਰਾਊਂਡ ਲਈ 6 ਲੱਖ ਰੁਪਏ ਦੀ ਗਰਾਂਟ ਹੋਰ ਜਾਰੀ ਕੀਤੀ ਗਈ ਹੈ। ਉਨ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਸਕੂਲ ਦੇ ਵਿਕਾਸ ਲਈ ਅੱਗੇ ਤੋਂ ਵੀ ਗਰਾਂਟਾਂ ਜਾਰੀ ਹੁੰਦੀਆਂ ਹੀ ਜਾਣਗੀਆਂ। ਸ੍ਰੀ ਅਗਰਵਾਲ ਨੇ ਮੈਗਾ ਪੀਟੀਐੱਮ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਉਚੇਚੇ ਤੌਰ ’ਤੇ ਗੱਲ ਕੀਤੀ ਅਤੇ ਵੱਖ-ਵੱਖ ਜਮਾਤਾਂ ਵਿੱਚੋਂ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।
ਸਕੂਲ ਪ੍ਰਿੰਸੀਪਲ ਕੁਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਕੂਲ ਨੂੰ ਹਰ ਖੇਤਰ ’ਚ ਅੱਗੇ ਲਿਜਾਣ ਲਈ ਸਕੂਲ ਦਾ ਸਮੁੱਚਾ ਅਮਲਾ ਦਿਨ ਰਾਤ ਮਿਹਨਤ ਕਰ ਰਿਹਾ ਹੈ। ਇਸ ਮੌਕੇ ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਅੰਜੂ ਅਗਰਵਾਲ, ਹਰਪਿੰਦਰ ਕੌਰ, ਸੁਖਜਿੰਦਰ ਪਾਲ ਸੁੱਖੀ, ਗੁਰਵਿੰਦਰ ਕੌਰ ਤੇ ਹੋਰ ਹਾਜ਼ਰ ਸਨ।