ਅਕਾਲੀ ਦਲ ਦਾ ਹਲਕਾ ਬੁਲਾਰਾ ਹਮੀਰਗੜ੍ਹ ‘ਆਪ’ ਵਿੱਚ ਸ਼ਾਮਲ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦਾ ਹਲਕੇ ਦਾ ਮੁੱਖ ਬੁਲਾਰਾ ਤੇ ਪਿੰਡ ਹਮੀਰਗੜ੍ਹ ਦਾ ਸਰਪੰਚ ਅਜਾਇਬ ਸਿੰਘ ਹਮੀਰਗੜ੍ਹ ਆਪਣੇ ਸਾਥੀਆਂ ਸਣੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਿਆ। ਵਿਧਾਇਕ ਸਿੱਧੂ ਨੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਅਜਾਇਬ ਸਿੰਘ ਹਮੀਰਗੜ੍ਹ, ਅਕਾਲੀ ਦਲ ਦੇ ਜ਼ਿਲ੍ਹਾ ਯੂਥ ਆਗੂ ਰਾਜਾ ਸਿੰਘ ਸਿੱਧੂ ਤੋਂ ਇਲਾਵਾ ਪੰਚ ਰਾਮ ਸਿੰਘ, ਪੰਚ ਜਸਵਿੰਦਰ ਕੌਰ ਤੇ ਮਨਜੀਤ ਕੌਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ। ਵਿਧਾਇਕ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਲੋਕਾਂ ’ਚੋਂ ਆਪਣਾ ਭਰੋਸਾ ਪੂਰੀ ਤਰ੍ਹਾਂ ਗੁਆ ਚੁੱਕਾ ਹੈ ਤੇ ਇਸ ਦੇ ਆਗੂ ਤੇ ਵਰਕਰ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਸਮਝਦੇ ਹੋਏ ‘ਆਪ’ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਹਮੀਰਗੜ੍ਹ ਚੰਗੇ ਬੁਲਾਰੇ ਤੇ ਜਨਤਕ ਆਧਾਰ ਵਾਲੇ ਆਗੂ ਹਨ ਤੇ ਉਨ੍ਹਾਂ ਦੀ ਸ਼ਮੂਲੀਅਤ ਨਾਲ ‘ਆਪ’ ਨੂੰ ਵੱਡੀ ਮਜ਼ਬੂਤੀ ਮਿਲੇਗੀ। ਇਸ ਮੌਕੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ, ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ, ਗੁਰਪ੍ਰੀਤ ਸਲਾਬਤਪੁਰਾ, ਮਨਮੋਹਨ ਗਰਗ, ਬਲਬੀਰ ਸਿੰਘ, ਸੁਖਮੰਦਰ ਸਿੰਘ, ਨੈਬ ਸਿੰਘ, ਮੱਖਣ ਸਿੰਘ, ਮਨਜੀਤ ਕੌਰ, ਮੋਹਨ ਲਾਲ ਕਾਂਗੜ ਤੇ ਜਸਬੀਰ ਸਿੰਘ ਹਾਜ਼ਰ ਸਨ।