ਸ਼ਹੀਦੀ ਦਿਹਾੜੇ ਸਬੰਧੀ ਅਕਾਲੀ ਦਲ (ਅ) ਦੀ ਮੀਟਿੰਗ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 23 ਨਵੰਬਰ ਨੂੰ ਇਤਿਹਾਸਕ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਸਾਹਿਬ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ ਦੀਆਂ ਤਿਆਰੀਆਂ ਸਬੰਧੀ ਪਿੰਡ ਕੋਠਾ ਗੁਰੂ, ਬੁਰਜ ਥਰੋੜ, ਬੁਰਜ਼ ਲੱਧਾ ਅਤੇ ਸੁਰਜੀਤਪੁਰਾ ਵਿਖੇ ਵਰਕਰ ਮੀਟਿੰਗਾਂ ਕੀਤੀਆਂ ਗਈਆਂ। ਪਾਰਟੀ ਦੇ ਸੀਨੀਅਰ ਆਗੂ ਇਮਾਨ ਸਿੰਘ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ 'ਚ ਅੱਜ ਵੀ ਮਨੁੱਖੀ ਅਧਿਕਾਰਾਂ ਦੀ ਵੱਡੀ ਪੱਧਰ 'ਤੇ ਉਲੰਘਣ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮਨੋਰਥ ਗੁਰੂ ਸਾਹਿਬ ਵੱਲੋਂ ਮਨੁੱਖਤਾ ਲਈ ਦਿੱਤੀ ਕੁਰਬਾਨੀ ਦੇ ਇਤਿਹਾਸ ਬਾਰੇ ਸੰਸਾਰ ਭਰ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਇਸ ਮੌਕੇ ਸਰਕਲ ਪ੍ਰਧਾਨ ਗੁਰਚਰਨ ਸਿੰਘ ਭਗਤਾ, ਸਿਮਰਨਜੋਤ ਸਿੰਘ ਬਠਿੰਡਾ, ਭਾਈ ਹਰਫੂਲ ਸਿੰਘ, ਗਗਨ ਸਿੱਧੂ ਭਗਤਾ, ਕੇਵਲ ਸਿੰਘ ਬੁਰਜ਼ ਥਰੋੜ, ਰੇਸ਼ਮ ਸਿੰਘ ਭਗਤਾ, ਢਾਡੀ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
