ਖੇਤੀ ਵਿਭਾਗ ਵੱਲੋਂ ਮੂੰਗਫਲੀ ਦੀ ਬਿਜਾਈ
ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਫ਼ਸਲੀ ਵੰਨ-ਸਵੰਨਤਾ ਨੂੰ ਹੁਲਾਰਾ ਦੇਣ ਲਈ ਜ਼ਿਲ੍ਹੇ ਦੇ ਪਿੰਡ ਰੌਤਾਂ ਵਿੱਚ ਕਰੀਬ 48 ਏਕੜ ਦੇ ਸਰਕਾਰੀ ਬੀਜ ਫਾਰਮ ਵਿੱਚ ਪਹਿਲੀ ਵਾਰ ਮੂੰਗਫਲੀ ਦੀ ਬਿਜਾਈ ਕੀਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੂੰਗਫਲੀ ’ਚ ਸਰੀਰ ਲਈ ਲੋੜੀਂਦੇ ਸਾਰੇ ਪੋਸ਼ਕ ਤੱਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੈ। ਇਸ ਵਿੱਚ ਆਇਰਨ, ਕੈਲਸੀਅਮ, ਵਿਟਾਮਿਨ-ਈ, ਜ਼ਿੰਕ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮੂੰਗਫਲੀ ਸਾਉਣੀ ਰੁੱਤ ਦੀ ਮੁੱਖ ਤੇਲਬੀਜ ਫ਼ਸਲ ਹੈ। ਬਰਾਨੀ ਜ਼ਮੀਨ ਜਿੱਥੇ ਪਾਣੀ ਦੀ ਘਾਟ ਹੋਵੇ, ਉੱਥੇ ਇਸ ਫ਼ਸਲ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਮੂੰਗਫਲੀ ਦੀ ਫ਼ਸਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀ ਹੈ। ਸਰਕਾਰੀ ਬੀਜ ਫਾਰਮ ਵਿੱਚ ਪਹਿਲੀ ਵਾਰ ਦੋ ਏਕੜ ਜ਼ਮੀਨ ਵਿਚ ਮੂੰਗਫਲੀ ਦੀ ਕਾਸ਼ਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੂੰਗਫਲੀ ਦਾ ਝਾੜ 8 ਤੋਂ 9 ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। ਇਹ ਫ਼ਸਲ ਕਰੀਬ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਮੂੰਗਫਲੀ ਦੀ ਕਾਸ਼ਤ ਸਾਲ ਵਿੱਚ ਦੋ ਵਾਰ ਕੀਤੀ ਜਾ ਸਕਦੀ ਹੈ। ਮੂੰਗਫਲੀ ਝੋਨੇ ਦਾ ਵਧੀਆ ਬਦਲ ਹੈ। ਇਸ ਫ਼ਸਲ ਦੀ ਰਹਿੰਦ-ਖੂੰਹਦ ਵੀ ਵਿਕ ਜਾਂਦੀ ਹੈ। ਇਸ ਤੋਂ ਕਿਸਾਨ 8 ਤੋਂ 9 ਹਜ਼ਾਰ ਰੁਪਏ ਪ੍ਰਤੀ ਏਕੜ ਵਾਧੂ ਕਮਾਈ ਕਰ ਸਕਦੇ ਹਨ। ਮੂੰਗਫਲੀ ਦੀ ਬਿਜਾਈ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਤੇ ਝੋਨੇ ਦੇ ਮੁਕਾਬਲੇ ਪਾਣੀ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੁਇੰਟਲ ਗੱਠੀਆਂ ਵਿੱਚੋਂ 66 ਕਿਲੋ ਗਿਰੀਆਂ ਨਿਕਲਦੀਆਂ ਹਨ। 100 ਗਿਰੀਆਂ ਦਾ ਭਾਰ 54 ਗ੍ਰਾਮ ਹੁੰਦਾ ਹੈ ਤੇ ਇਨ੍ਹਾਂ ਵਿੱਚ 52 ਫ਼ੀਸਦੀ ਤੇਲ ਹੁੰਦਾ ਹੈ।
