ਖੇਤੀਬਾੜੀ ਵਿਭਾਗ ਵੱਲੋਂ ਸਹਿਕਾਰੀ ਸਭਾਵਾਂ ਦੀ ਅਚਨਚੇਤ ਚੈਕਿੰਗ
ਪੱਤਰ ਪ੍ਰੇਰਕ
ਗਿੱਦੜਬਾਹਾ, 8 ਜੁਲਾਈ
ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਡਾ. ਜਸ਼ਨਪ੍ਰੀਤ ਸਿੰਘ ਏਡੀਓ, ਡਾ. ਸੁਖਜਿੰਦਰ ਸਿੰਘ ਏ.ਡੀ.ਓ. (ਪੀ.ਪੀ.), ਡਾ. ਹਰਜੀਤ ਸਿੰਘ ਏ.ਡੀ.ਓ.( ਸੀਡ) ਅਤੇ ਬਲਾਕਾਂ ਦੀਆਂ ਐਨਫੋਰਸਮੈਂਟ ਟੀਮਾਂ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਲਗਭਗ 40 ਸਹਿਕਾਰੀ ਸਭਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸਹਿਕਾਰੀ ਸਭਾਵਾਂ ਵਿੱਚੋਂ ਜਿਪਸਮ ਦੇ ਤਿੰਨ ਅਤੇ ਖਾਦਾਂ ਦੇ ਚਾਰ ਸੈਂਪਲ ਭਰੇ ਗਏ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਗਿੱਲ ਵੱਲੋਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਤਾੜਨਾ ਕੀਤੀ ਕਿ ਕਿਸਾਨਾਂ ਨੂੰ ਜਿਪਸਮ ਨੂੰ ਸੁਪਰ ਖਾਦ ਕਹਿ ਕੇ ਗੁਮਰਾਹ ਕੀਤਾ ਗਿਆ ਹੈ ਅਤੇ ਵੱਧ ਰੇਟ ’ਤੇ ਵੇਚਿਆ ਗਿਆ ਹੈ। ਵਿਭਾਗ ਵੱਲੋਂ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਨੂੰ ਸਭਾਵਾਂ ਵਿੱਚ ਖਾਦ ਕੰਟਰੋਲ ਹੁਕਮ 1985 ਤਹਿਤ ਕਾਰੋਬਾਰ ਨਾ ਕਰਨ ਬਾਰੇ ਵੀ ਸੂਚਿਤ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਰੀਆਂ ਸਹਿਕਾਰੀ ਸਭਾਵਾਂ ਵਿੱਚ ਪਏ ਮੈਸ: ਮਿਫਕੋ ਅਤੇ ਮੈਸ: ਹਿੰਦੋਸਤਾਨ ਬੈਕਟੈਕ ਪ੍ਰਾਈਵਲੇਟ ਲਿਮਟਿਡ ਕੰਪਨੀ ਦੇ ਜਿਪਸਮ ਦੀ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ।