50 ਸਾਲਾਂ ਬਾਅਦ ਪੰਚਾਇਤ ਦੀ ਬਹੁਮੁੱਲੀ ਜ਼ਮੀਨ ਦੇ ਵਿਵਾਦ ਦਾ ਅੰਤ
ਧਰਮਕੋਟ-ਜੋਗੇਵਾਲਾ ਮੁੱਖ ਸੜਕ ਉਪਰ ਸਥਿਤ ਨਗਰ ਪੰਚਾਇਤ ਦੀ ਬੁਹਮੁਲੀ ਜ਼ਮੀਨ ਦੇ ਵਿਵਾਦ ਦਾ ਅੱਜ ਅੰਤ ਹੋ ਗਿਆ। ਇਸ ਜ਼ਮੀਨ ਦਾ ਲੰਘੇ 50 ਸਾਲਾਂ ਤੋਂ ਨਿਹੰਗ ਸਿੰਘ ਜਥੇਬੰਦੀ ਝਾੜ ਸਾਹਿਬ ਵਾਲਿਆਂ ਨਾਲ ਵਿਵਾਦ ਚੱਲ ਰਿਹਾ ਸੀ। ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਆਪਣੀ ਸੂਝ ਬੂਝ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਇਸ ਵਿਵਾਦ ਨੂੰ ਖਤਮ ਕਰਵਾਇਆ ਹੈ।
ਸਮਝੌਤੇ ਮੁਤਾਬਕ ਵਿਵਾਦਿਤ ਜ਼ਮੀਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। ਅੱਜ ਇਸ ਜਗ੍ਹਾ ਉਪਰ ਨਗਰ ਪੰਚਾਇਤ ਨੇ ਦੁਕਾਨਾਂ ਦੀ ਉਸਾਰੀ ਕਰਕੇ ਮਾਰਕੀਟ ਬਣਾਉਣ ਦਾ ਕੰਮ ਸ਼ੁਰੂ ਕੀਤਾ। ਨਿਹੰਗ ਸਿੰਘ ਜਥੇਬੰਦੀ ਝਾੜ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਕੁਲਦੀਪ ਸਿੰਘ ਖੁਦ ਇਸ ਮੌਕੇ ਪੁੱਜੇ ਅਤੇ ਪੰਚਾਇਤ ਵਲੋਂ ਉਸਾਰੀ ਜਾ ਰਹੀ ਮਾਰਕੀਟ ਦਾ ਟੱਕ ਲਗਾਕੇ ਸ਼ੁਰੂਆਤ ਕਰਵਾਈ।
ਇਸ ਮੌਕੇ ਉੱਤੇ ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ, ਆਪ ਦੇ ਬਲਾਕ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ, ਦਰਸ਼ਨ ਸਿੰਘ ਲਲਿਹਾਦੀ, ਮਹਿੰਦਰ ਸਿੰਘ ਸਾਬਕਾ ਸਰਪੰਚ, ਕੌਂਸਲਰ ਗੁਰਚਰਨ ਸਿੰਘ ਪ੍ਰਦੇਸੀ, ਮਨਿੰਦਰ ਸਿੰਘ ਕਾਕੇ ਸ਼ਾਹ, ਡਾਕਟਰ ਗੁਰਮੇਜ ਸਿੰਘ, ਹਰਜੀਤ ਸਿੰਘ ਥਿੰਦ ਅਤੇ ਰਛਪਾਲ ਸਿੰਘ ਆਦਿ ਹਾਜ਼ਰ ਸਨ।
ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਇਸ ਜ਼ਮੀਨ ਉਪਰ ਮਾਰਕੀਟ ਬਣਨ ਨਾਲ ਨਗਰ ਪੰਚਾਇਤ ਦੀ ਆਮਦਨੀ ਵਿੱਚ ਜਿੱਥੇ ਵਾਧਾ ਹੋਵੇਗਾ ਉੱਥੇ ਨਗਰ ਦੀ ਸੁੰਦਰਤਾ ਵੀ ਵਧੇਗੀ।
