ਖੋਜਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਦੀ ਵਕਾਲਤ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸੰਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਦੁਨੀਆਂ ਭਰ ਦੇ ਮਾਹਿਰ ਡਾਕਟਰਾਂ ਅਤੇ ਸਿਹਤ ਵਿਗਿਆਨੀਆਂ ਦੇ ਆਪਸੀ ਸਹਿਯੋਗੀ ਅਤੇ ਭਾਈਵਾਲ ਬਣਨ ਨਾਲ ਸਿਹਤ ਸੰਭਾਲ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਦੁਨੀਆਂ ਭਰ ਦੇ ਲੋੜਵੰਦ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਇਹ ਗੱਲ ਕੌਮੀ ਕਾਨਫਰੰਸ ਦੌਰਾਨ ਦੁਨੀਆ ਭਰ ਦੀਆਂ ਸਿਹਤ ਸੰਸਥਾਵਾਂ ‘ਚੋਂ ਇਕੱਤਰ ਹੋਏ ਲਗਪਗ 800 ਮਾਹਿਰ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਆਖੀ।
ਡਾ. ਸੂਦ ਨੇ ਕਿਹਾ ਕਿ ਸਿਹਤ ਵਿਗਿਆਨ ਦੇ ਖੇਤਰ ’ਚ ਦੁਨੀਆਂ ਭਰ ਦੇ ਵਿਗਿਆਨੀਆਂ ਨੇ ਹੈਰਾਨ ਕਰਨ ਵਾਲੀਆਂ ਖੋਜਾਂ ਕੀਤੀਆਂ ਹਨ ਅਤੇ ਇਨ੍ਹਾਂ ਖੋਜਾਂ ਦਾ ਲਾਭ ਦੁਨੀਆਂ ਭਰ ਵਿੱਚ ਲੋੜਵੰਦ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਤਜ਼ਰਬੇ, ਖੋਜਾਂ ਅਤੇ ਗਿਆਨ ਸਾਂਝਾ ਕਰਨ ਲਈ ਕੌਮਾਂਤਰੀ ਪੱਧਰ ਦੇ ਸੈਮੀਨਾਰ ਲਗਾਤਾਰ ਹੋਣੇ ਚਾਹੀਦੇ ਹਨ।
ਇਸ ਕੌਮਾਂਤਰੀ ਕਾਨਫਰੰਸ ਨੂੰ ਤੁਰਕੀ ਦੇ ਡਾ. ਜ਼ੇਲੀਹਾ ਸੇਲਾਮੋਗਲੂ, ਮਲੇਸ਼ੀਆ ਦੇ ਡਾ. ਐਲਨ ਤਾਨ ਸੈਂਗ ਲੂਨ ਅਤੇ ਜਰਮਨੀ ਦੇ ਡਾ. ਰਜਿੰਦਰ ਖਨਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਿਹਤ ਵਿਗਿਆਨੀਆਂ ਦਰਮਿਆਨ ਕੁਝ ਸਮਝੌਤਿਆਂ ਉੱਪਰ ਦਸਤਖ਼ਤ ਵੀ ਕੀਤੇ ਗਏ ਅਤੇ ਸਿਹਤ ਵਿਗਿਆਨੀਆਂ ਨੇ ਖੋਜਾਂ ਸੰਬੰਧੀ ਸਾਂਝੇ ਪੇਪਰ ਛਾਪਣ ਦਾ ਫੈਸਲਾ ਕੀਤਾ। ਸਮਾਗਮ ਦੇ ਅੰਤ ਵਿੱਚ ਪੰਜਾਬ ਦੇ ਸੱਭਿਆਚਾਰਕ ਨੂੰ ਦਰਸਾਉਂਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਡਾਕਟਰਾਂ ਨੇ ਗਹਿਰੀ ਦਿਲਚਸਪੀ ਦਿਖਾਈ।
 
 
             
            