ਬਠਿੰਡਾ ਏਅਰਪੋਰਟ ਸਲਾਹਕਾਰ ਕਮੇਟੀ ਵੱਲੋਂ ਮੀਟਿੰਗ
‘ਹਵਾਈ ਅੱਡਾ ਸਲਾਹਕਾਰ ਕਮੇਟੀ’ ਦੀ ਮੀਟਿੰਗ ਸਿਵਲ ਏਅਰਪੋਰਟ ਵਿਰਕ ਕਲਾਂ ਵਿੱਚ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨਗੀ ਅਤੇ ਬਠਿੰਡਾ (ਦਿਹਾਤੀ) ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਅਗਵਾਈ ਹੇਠ ਹੋਈ। ਸੰਸਦ ਮੈਂਬਰ ਨੇ ਕਿਹਾ ਕਿ ਬਠਿੰਡਾ ਹਵਾਈ ਅੱਡੇ ਤੋਂ ਦੂਜੇ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕਰਨ ਲਈ ਹੋਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਏਜੰਡੇ ਦੇ ਬਿੰਦੂਆਂ ’ਤੇ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦਾ ਹੋਰ ਵਿਸਥਾਰ ਅਤੇ ਵਿਕਾਸ ਕੀਤਾ ਜਾਵੇਗਾ ਕਿਉਂਕਿ ਮਾਲਵਾ ਖੇਤਰ ਤੋਂ ਇਲਾਵਾ ਬਠਿੰਡਾ ਹਵਾਈ ਅੱਡਾ ਦੋਵੇਂ ਨੇੜਲੇ ਰਾਜਾਂ ਹਰਿਆਣਾ ਅਤੇ ਰਾਜਸਥਾਨ ਦੇ ਯਾਤਰੀਆਂ ਨੂੰ ਵੀ ਲਾਭ ਪਹੁੰਚਾਏਗਾ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਵਾਈ ਅੱਡੇ ਨੇੜੇ ਦਰੱਖਤਾਂ ਦੀ ਛਾਂਟੀ ਕਰਨ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਹਵਾਈ ਅੱਡੇ ਲਈ ਘੱਟੋ-ਘੱਟ ਇੱਕ ਸਮਰਪਿਤ ਬੱਸ ਸੇਵਾ ਸ਼ੁਰੂ ਕਰਨ ਅਤੇ ਐੱਨਐੱਚਆਈ ਵਿਭਾਗ ਨੂੰ ਏਅਰਪੋਰਟ ਅਥਾਰਟੀ ਅਤੇ ਡੀਸੀ ਦਫ਼ਤਰ ਤੋਂ ਵੱਖ-ਵੱਖ ਥਾਵਾਂ ’ਤੇ ਬਠਿੰਡਾ ਹਵਾਈ ਅੱਡੇ ਦੇ ਦਿਸ਼ਾ ਬੋਰਡ ਲਾਉਣ ਦੇ ਨਿਰਦੇਸ਼ ਵੀ ਦਿੱਤੇ।
ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਪੱਤਰ ਲਿਖੇ ਹਨ ਅਤੇ ਉਹ ਹਵਾਈ ਅੱਡੇ ਦੇ ਵਿਕਾਸ ਲਈ ਹਮੇਸ਼ਾ ਤਿਆਰ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਏਜੰਸੀਆਂ ਨੇ ਬਠਿੰਡਾ ਹਵਾਈ ਅੱਡੇ ਨੂੰ ਹਰ ਸੰਭਵ ਤਰੀਕੇ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ, ਤਾਂ ਜੋ ਯਾਤਰੀਆਂ ਅਤੇ ਸੂਬੇ ਨੂੰ ਇਸ ਦਾ ਲਾਭ ਮਿਲ ਸਕੇ। ਮੇਅਰ ਪਦਮਜੀਤ ਮਹਿਤਾ ਨੇ ਬਠਿੰਡਾ ਹਵਾਈ ਅੱਡੇ ਤੋਂ ਨਿਯਮਤ ਬੱਸ ਸੇਵਾ, ਸਾਫ਼ ਸਫ਼ਾਈ, ਚਾਹ ਅਤੇ ਸਨੈਕਸ ਬਾਰ ਸੇਵਾਵਾਂ ਲਈ ਸਮਰਥਨ ਦੇਣ ਦਾ ਵਾਅਦਾ ਕੀਤਾ। ਹਵਾਈ ਅੱਡੇ ਦੇ ਡਾਇਰੈਕਟਰ ਸਾਂਵਰ ਮਲ ਸਿੰਗਰੀਆ ਨੇ ਹਵਾਈ ਅੱਡੇ ’ਤੇ ਉਪਲਬਧ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਅਤੇ ਹਵਾਈ ਅੱਡੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।