ਆਗਮਨ ਪੁਰਬ: ਵਿਧਾਇਕ ਤੇ ਸਾਥੀਆਂ ਨੇ ਸਾਫ਼ ਕੀਤੀਆਂ ਸੜਕਾਂ
ਬਾਬਾ ਫ਼ਰੀਦ ਆਗਮਨ ਪੁਰਬ ਸਮਾਪਤ ਹੋਣ ਤੋਂ ਬਾਅਦ ਫ਼ਰੀਦਕੋਟ-ਕੋਟਕਪੂਰਾ ਸੜਕ ’ਤੇ ਖਿਲਰੇ ਕੂੜੇ ਨੂੰ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਉਸ ਦੇ ਸਾਥੀਆਂ ਨੇ ਝਾੜੂ ਨਾਲ ਸਾਫ਼ ਕੀਤਾ। ਕਰੀਬ 5 ਕਿਲੋਮੀਟਰ ਲੰਬੀ ਸੜਕ ਉੱਪਰੋਂ ਆਗਮਨ ਪੁਰਬ ਦੌਰਾਨ ਨਗਰ ਕੀਰਤਨ ਗੁਜ਼ਰਿਆ ਸੀ। ਇਸ ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਲੰਗਰ ਲਾਏ ਸਨ ਜਿਸ ਕਰਕੇ ਸੜਕਾਂ ਦੇ ਆਸ ਪਾਸ ਪੋਲੀਥੀਨ ਲਿਫਾਫੇ, ਪਲਾਸਟਿਕ ਦੇ ਗਿਲਾਸ ਅਤੇ ਹੋਰ ਕੂੜਾ ਵਗੈਰਾ ਖਿਲਰਿਆ ਹੋਇਆ ਸੀ। ਜਦੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਸਾਥੀਆਂ ਨੇ ਇਸ ਸੜਕ ਨੂੰ ਸਾਫ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਉਦੋਂ ਉਨ੍ਹਾਂ ਨੂੰ ਇੱਥੋਂ ਲੋਕਾਂ ਦਾ ਗੁਆਚਿਆ ਹੋਇਆ ਸਾਮਾਨ ਜਿਸ ਵਿੱਚ ਆਧਾਰ ਕਾਰਡ, ਚਾਬੀਆਂ, ਸ਼ਨਾਖਤੀ ਪੱਤਰ ਆਦਿ ਮਿਲੇ। ਵਿਧਾਇਕ ਨੇ ਪ੍ਰਸ਼ਾਸਨ ਦੀ ਮਦਦ ਨਾਲ ਇਹ ਸਾਰਾ ਗੁਆਚਿਆ ਸਾਮਾਨ ਸਬੰਧਤ ਲੋਕਾਂ ਦੇ ਹਵਾਲੇ ਕੀਤਾ। ਵਿਧਾਇਕ ਗੁਰਦਿੱਤ ਸੇਖੋਂ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਤੋਂ ਇਲਾਵਾ ਇੱਥੇ ਕਰੀਬ 200 ਤੋਂ ਵੱਧ ਸਟਾਲਾਂ ਲਾਈਆਂ ਗਈਆਂ ਸਨ ਅਤੇ ਆਗਮਨ ਪੁਰਬ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਨੇ ਵੱਡੀ ਪੱਧਰ ਤੇ ਖਰੀਦੋ ਫਰੋਖਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸੜਕ ਅਤੇ ਆਸ ਪਾਸ ਵੱਡੀ ਪੱਧਰ ਤੇ ਪਲਾਸਟਿਕ ਅਤੇ ਹੋਰ ਕੂੜਾ ਖਿਲਰਿਆ ਹੋਇਆ ਸੀ ਜਿਸ ਨੂੰ ਉਨ੍ਹਾਂ ਨੇ ਆਪਣੀ ਦੋ ਦਰਜਨ ਤੋਂ ਵੱਧ ਸਾਥੀਆਂ ਦੀ ਮਦਦ ਨਾਲ ਸਾਫ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਫਰੀਦਕੋਟ ਨੂੰ ਸਾਫ ਸੁਥਰਾ ਰੱਖਣ ਦਾ ਵਚਨ ਨਿਭਾਇਆ ਹੈ ਤਾਂ ਜੋ ਆਗਮਨ ਪੁਰਬ ਤੋਂ ਬਾਅਦ ਵੀ ਦੇਸ਼ ਭਰ ਦੀਆਂ ਸੰਗਤਾਂ ਟਿੱਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਦਰਸ਼ਨਾਂ ਲਈ ਆਉਂਦੀਆਂ ਰਹਿਣ।