ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨਿਕ ਟੀਮਾਂ ਖੇਤਾਂ ’ਚ ਪੁੱਜੀਆਂ
ਮਾਲਵਾ ਖੇਤਰ ’ਚ ਪਿਛਲੇ ਦੋ ਦਿਨਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ’ਚ ਹੋਏ ਵਾਧੇ ਤੋਂ ਬਾਅਦ ਉੱਚ ਸਿਵਲ ਅਤੇ ਪੁਲੀਸ ਅਧਿਕਾਰੀ ਹੁਣ ਖੇਤਾਂ ਵਿੱਚ ਜਾਣ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ 2-3 ਹਫ਼ਤਿਆਂ ਤੋਂ ਝੋਨੇ ਦੀ ਵਾਢੀ ਕੀਤੀ ਹੋਈ ਹੈ, ਪਰ ਉਨ੍ਹਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਬੇਲਰ ਨਹੀਂ ਮਿਲ ਰਹੇ ਹਨ।
ਇਸੇ ਦੌਰਾਨ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਬੇਲਰ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰ ਪੂਰੇ ਜ਼ਿਲ੍ਹੇ ਵਿੱਚ ਅੱਗ ਲੱਗਣ ਦੇ ਕਰੀਬ 60 ਫੀਸਦੀ ਘੱਟ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 15 ਤਰ੍ਹਾਂ ਦੀ ਪ੍ਰਾਈਵੇਟ ਸਨਅਤ ਪਰਾਲੀ ਲੈ ਰਹੀ ਹੈ ਅਤੇ ਪਰਾਲੀ ਪ੍ਰਬੰਧਨ ਲਈ ਸਬਸਿਡੀ ’ਤੇ ਦਿੱਤੇ 165 ਬੇਲਰ ਅਤੇ 30 ਬੇਲਰ ਪ੍ਰਾਈਵੇਟ ਤੌਰ ’ਤੇ ਪਰਾਲੀ ਪ੍ਰਬੰਧਨ ਕਰ ਰਹੇ ਹਨ।
ਡੀ ਸੀ ਨੇ ਕਿਹਾ ਕਿ ਜ਼ਿਲ੍ਹੇ ਪਿੰਡ ਹੀਰੋ ਕਲਾਂ ਪਰਾਲੀ ਪ੍ਰਬੰਧਨ ਮੁਹਿੰਮ ਦਾ ’ਹੀਰੋ’ ਬਣ ਕੇ ਉੱਭਰਿਆ ਹੈ। ਪਿੰਡ ਦੇ ਕਿਸਾਨ ਮਲਚਰ, ਉਲਟਾਵੇਂ ਹਲਾਂ ਅਤੇ ਸੁਪਰ ਸੀਡਰ ਨਾਲ ਪਰਾਲੀ ਦਾ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰ ਰਹੇ ਸਨ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਬਰਨਾਲਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੱਸ ਕਰਵਾ ਦਿੱਤੀ ਹੈ। ਸੈਟੇਲਾਈਟ ਰਾਹੀਂ ਅੱਗ ਲੱਗਣ ਵਾਲੀ ਜਗ੍ਹਾ ਦੀ ਸੂਚਨਾ ਮਿਲਦੇ ਹੀ ਅੱਗ ਬਝਾਉਣ ਅਤੇ ਕਾਰਵਾਈ ਕਰਨ ਲਈ ਅਧਿਕਾਰੀ ਲੱਗੇ ਹੋਏ ਹਨ। ਪਰਾਲੀ ਕਾਰਨ ਜ਼ਿਲ੍ਹੇ ਵਿੱਚ ਅਫਸਰਸ਼ਾਹੀ ਅਤੇ ਕਿਸਾਨ ਜਥੇਬੰਦੀਆਂ ਵੀ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਕਿਸਾਨ ਜਥੇਬੰਦੀਆਂ ਪਰਾਲੀ ਪ੍ਰਬੰਧਨ ਲਈ ਸਰਕਾਰ ਅਤੇ ਪ੍ਰਸ਼ਾਸਨ ਉੱਪਰ ਕੋਈ ਮੁਆਵਜ਼ਾ ਰਕਮ ਨਾ ਦੇਣ ਅਤੇ ਮਸ਼ੀਨਰੀ ਮੁਹੱਈਆ ਨਾ ਕਰਵਾਉਣ ਦੇ ਦੋਸ਼ ਲਗਾਉਂਦੀਆਂ ਆ ਰਹੀਆਂ ਹਨ। ਦੂਜੇ ਪਾਸੇ, ਪ੍ਰਸ਼ਾਸਨ ਕਿਸਾਨਾਂ ਨੂੰ ਇਸ ਦੇ ਨੁਕਸਾਨ ਤੇ ਕਾਰਵਾਈ ਲਈ ਵਾਰ-ਵਾਰ ਜਾਣੂੰ ਕਰਵਾ ਰਿਹਾ ਹੈ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪੁਲੀਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੇਤਾਂ ਵਿੱਚ ਡਿਊਟੀ ਦਿੰਦੇ ਦਿਖਾਈ ਦੇ ਰਹੇ ਹਨ।
ਹੋਰ ਤਾਂ ਹੋਰ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਡੀ ਸੀ ਬਰਨਾਲਾ ਟੀ ਬੈਨਿਥ ਮਹਿਲ ਕਲਾਂ ਸਣੇ ਪਿੰਡ ਬਖਤਗੜ੍ਹ, ਰਾਏਸਰ, ਚੰਨਣਵਾਲ ਅਤੇ ਛੀਨੀਵਾਲ ਕਲਾਂ ਪਹੁੰਚੇ ਤੇ ਚੈਕਿੰਗ ਕੀਤੀ।
