ਪ੍ਰਸ਼ਾਸਨ ਫੜ੍ਹੀਆਂ ਨਾ ਲਵਾਉਣ ਲਈ ਬਜ਼ਿੱਦ
ਜਲਾਲਾਬਾਦ ਵਿੱਚ ਰੇਹੜੀ ਫੜ੍ਹੀ ਵਾਲਿਆਂ ਵਾਸਤੇ ਬਣੇ ਸ਼ੈੱਡ ਵਿੱਚੋਂ ਰੇਹੜੀ-ਫੜ੍ਹੀ ਦਾ ਕੰਮ ਕਰਨ ਵਾਲਿਆਂ ਦੀਆਂ ਰੇਹੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ ਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਪਿਛਲੇ 19 ਦਿਨਾਂ ਤੋਂ ਲਗਾਤਾਰ ਧਰਨਾ ਚੱਲਦਾ ਆ ਰਿਹਾ ਹੈ। ਪ੍ਰਸ਼ਾਸਨ ਵੱਲੋਂ ਫੜ੍ਹੀਆਂ ਨਾ ਲਵਾਉਣ ਲਈ ਬਜ਼ਿੱਦ ਹੈ ਜਿਸ ਕਾਰਨ ਜਥੇਬੰਦੀਆਂ ਨੇ ਅੱਜ ਖ਼ੁਦ ਫੜ੍ਹੀਆਂ ਲਵਾ ਦਿੱਤੀਆਂ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵੱਖ ਵੱਖ ਜਥੇਬੰਦੀਆਂ ਨੇ ਰੇਹੜੀ ਫੜੀ ਵਾਲਿਆਂ ਦੀਆਂ ਰੇਹੜੀਆਂ ਲਵਾਈਆਂ ਸਨ ਜੋ ਪ੍ਰਸ਼ਾਸਨ ਨੇ ਰਾਤ ਵੇਲੇ ਜਬਰੀ ਚੁਕਾ ਦਿੱਤੀਆਂ ਸਨ। ਇਸ ਖ਼ਿਲਾਫ਼ ਰੇਹੜੀ ਫੜ੍ਹੀ ਵਾਲਿਆਂ ਤੇ ਵੱਖ-ਵੱਖ ਜਥੇਬੰਦੀਆਂ ਨੇ ਅੱਜ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਦੂੁਜੇ ਪਾਸੇ ਪ੍ਰਸ਼ਾਸਨ ਨੇ ਮੀਟਿੰਗ ਸੱਦ ਕੇ ਤਿਉਹਾਰਾਂ ਦੇ ਮੱਦੇਨਜ਼ਰ ਰੋਡ ਜਾਮ ਨਾ ਕਰਨ ਦੀ ਅਪੀਲ ਕੀਤੀ। ਰੇਹੜੀ ਫੜ੍ਹੀ ਵਾਲਿਆਂ ਨੂੰ ਹੱਕ ਦਿਵਾਉਣ ਲਈ ਬਣੀ ਕਮੇਟੀ ਨੇ ਪ੍ਰਸ਼ਾਸਨ ਦੀ ਗੱਲ ਮੰਨ ਕੇ ਰੋਡ ਜਾਮ ਨਾ ਕੀਤਾ ਪਰ ਪ੍ਰਸ਼ਾਸਨ ਤੋਂ ਮੰਗ ਕੀਤੀ ਇਨ੍ਹਾਂ ਨੂੰ ਫੜ੍ਹੀਆਂ ਲਾ ਕੇ ਸਮਾਨ ਵੇਚਣ ਦੀ ਆਗਿਆ ਦਿੱਤੀ ਜਾਵੇ। ਜਾਣਕਾਰੀ ਅਨੁਸਾਰ ਪੁਲੀਸ ਪ੍ਰਸ਼ਾਸਨ ਫੜੀਆਂ ਲਵਾਉਣ ਦੀ ਗੱਲ ਮੰਨਣ ਲਈ ਤਿਆਰ ਸੀ ਪਰ ਸਿਵਲ ਪ੍ਰਸ਼ਾਸਨ ਇਸ ਗੱਲ ਲਈ ਤਿਆਰ ਨਹੀਂ ਸੀ। ਪ੍ਰਸ਼ਾਸਨ ਨੇ ਕਿਹਾ ਹਲਕਾ ਵਿਧਾਇਕ ਦੋ ਦਿਨ ਬਾਅਦ ਜਲਾਲਾਬਾਦ ਆਉਣਗੇ ਤੇ ਉਨ੍ਹਾਂ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੀਤਾ ਜਾਵੇਗਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਫੜੀਆਂ ਲਾਉਣ ਦੀ ਮੰਗ ਕਰਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ। ਇਸ ਵਿਹਾਰ ਤੋਂ ਖਫ਼ਾ ਹੁੰਦਿਆਂ ਮੀਟਿੰਗ ਵਿੱਚ ਪਹੁੰਚੀਆਂ ਜਥੇਬੰਦੀਆਂ ਵੱਲੋਂ ਰੇਹੜੀ ਫੜ੍ਹੀ ਵਾਲਿਆਂ ਦੀਆਂ ਫੜੀਆਂ ਲਗਵਾ ਦਿੱਤੀਆਂ ਗਈਆਂ। ਰੇਹੜੀ ਫੜ੍ਹੀ ਉਜਾੜਾ ਪੀੜਤਾਂ ਦੇ ਆਗੂ ਸੁਰਿੰਦਰ ਸਿੰਘ, ਸੰਨੀ ਹਾਂਡਾ, ਸੰਯਕਤ ਕਿਸਾਨ ਮੋਰਚੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਬੀ ਕੇ ਯੂ ਡਕੌਂਦਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ, ਬੀ ਕੇ ਯੂ ਡਕੌਂਦਾ ਧਨੇਰ ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ, ਬੀ ਕੇ ਯੂ ਉਗਰਾਹਾਂ ਦੇ ਜ਼ਿਲ੍ਹਾ ਸੰਗਠਨ ਸਕੱਤਰ ਜਗਸੀਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਚੰਨ ਸਿੰਘ ਸੈਦੋਕੇ, ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੰਨਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਇਸ ਮਸਲੇ ਦੇ ਮੁਕੰਮਲ ਹੱਲ ਲਈ ਕਿਸੇ ਸਮੇਂ ਵੀ ਮੀਟਿੰਗ ਕਰਨ ਲਈ ਤਿਆਰ ਹਨ।