ਅਦਾਕਾਰ ਪ੍ਰਿੰਸ ਤੇ ਅਰਸ਼ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਇਥੋਂ ਦੇ ਫਿਲਮੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ (ਪੰਮਾ) ਅਤੇ ਸਮਾਜ ਸੇਵੀ ਅਰਸ਼ ਸੱਚਰ ਫਿਰੋਜ਼ਪੁਰ ਇਲਾਕੇ ਦੇ ਹੜ੍ਹ ਮਾਰੇ ਪਿੰਡਾਂ ਵਿੱਚ ਲੋਕਾਂ ਦੀ ਮਦਦ ਕਰਨ ਲਈ ਸਮਾਨ ਲੈਕੇ ਪਹੁੰਚੇ ਅਤੇ ਕਈ ਪਿੰਡਾਂ ਵਿੱਚ ਫਸੇ ਲੋਕਾਂ ਤੱਕ ਕਿਸ਼ਤੀਆਂ ਰਾਹੀਂ ਸਾਮਾਨ ਪਹੁੰਚਾਇਆ। ਅਰਸ਼ ਸੱਚਰ ਨੇ ਦੱਸਿਆ ਕਿ ਦੂਰ-ਦੂਰ ਤੱਕ ਢਾਣੀਆਂ ਵਿੱਚ ਬੈਠੇ ਲੋਕਾਂ ਹਾਲੇ ਵੀ ਘਰਾਂ ਦੀਆਂ ਛੱਤਾਂ ’ਤੇ ਬੈਠੇ ਹਨ ਅਤੇ ਪਾਣੀ 6 ਤੋਂ 7 ਫੁੱਟ ਤੱਕ ਚੜ੍ਹਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਾਲੂ ਵਾਲਾ, ਕਿਲਚੇ ਵਾਲਾ, ਨਿਹਾਲੇ ਵਾਲਾ ਅਤੇ ਹਬੀਬ ਕੇ ਖੇਤਾਂ ਵਿੱਚ ਉਹ ਕਿਸ਼ਤੀ ਰਾਹੀਂ ਪਹੁੰਚੇ ਅਤੇ ਲੋਕਾਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਪਸ਼ੂਆਂ ਲਈ ਆਚਾਰ, ਪੱਠੇ, ਤਰਪਾਲਾਂ, ਰੱਸੀਆਂ, ਪੀਣ ਵਾਲੇ ਪਾਣੀ ਲਈ ਬਲੀਚਿੰਗ ਪਾਊਡਰ ਅਤੇ ਹੋਰ ਜ਼ਰੂਰੀ ਦਿੱਤਾ ਹੈ। ਅਦਾਕਾਰ ਪ੍ਰਿੰਸ ਨੇ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਉਨ੍ਹਾਂ ਕਲਾ ਜਗਤ ਅਤੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਅਜਿਹੇ ਸਮੇਂ ਹੜ੍ਹ ਪੀੜਤਾਂ ਦੀ ਬਾਂਹ ਫੜਨ ਅਤੇ ਹਾਲੇ ਵੀ ਜਿਥੇ ਜਿਥੇ ਰਸਦਾਂ ਨਹੀਂ ਪਹੁੰਚ ਰਹੀਆਂ ਉਥੇ ਆਪਣੀਆਂ ਟੀਮਾਂ ਰਾਹੀਂ ਪਹੁੰਚਦੀਆਂ ਕਰਨ।