ਮਿਲਾਵਟੀ ਮਠਿਆਈਆਂ ਦੀ ਸਪਲਾਈ ਵਿਰੁੱਧ ਕਾਰਵਾਈ ਵਿੱਢੀ
ਮਾਨਸਾ ਪ੍ਰਸ਼ਾਸਨ ਨੇ ਹਰਿਆਣਾ ਦੀ ਹੱਦ ਨਾਲ ਲੱਗਦੀ ਇਸ ਜ਼ਿਲ੍ਹੇ ਦੀ ਸੀਮਾ ਨੂੰ ਸੀਲ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਤਿਉਹਾਰਾਂ ਦੇ ਦਿਨਾਂ ਦੌਰਾਨ ਉਧਰੋਂ ਆਉਂਦੇ ਸਿੰਥੈਟਿਕ ਖੋਆ ਅਤੇ ਨਕਲੀ ਮਿਠਾਈਆਂ ਨੂੰ ਰੋਕਿਆ ਜਾ ਸਕੇ। ਪੁਲੀਸ ਅਤੇ ਹੋਰ ਮਹਿਕਮਿਆਂ ਦੇ ਰੁਝਵੇਂ ਨੂੰ ਭਾਪਦਿਆਂ ਵਪਾਰੀਆਂ ਵਲੋਂ ਇਸ ਜ਼ਿਲ੍ਹੇ ਰਾਹੀਂ ਵੱਡੀ ਪੱਧਰ ‘ਤੇ ਦੁੱਧ ਤੋਂ ਤਿਆਰ ਹੁੰਦੀਆਂ ਮਹਿੰਗੀਆਂ ਵਸਤੂਆਂ ਨੂੰ ਭੇਜਿਆ ਜਾਣ ਲੱਗਾ ਹੈ, ਜਿਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਮਿਲਦਿਆਂ ਹੀ ਉਨ੍ਹਾਂ ਵਲੋਂ ਅਜਿਹੀ ਮੋਰਚੇਬੰਦੀ ਕਰਵਾਈ ਗਈ ਹੈ।
ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੀ ਜਾਣਕਾਰੀ ਮਿਲਦੇ ਸਾਰ ਹੀ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਰਾਹੀਂ ਹਰਿਆਣਾ ਦੀ ਹੱਦ ਨਾਲ ਲੱਗਦੇ ਸਾਰੇ ਪੁਲੀਸ ਸਟੇਸ਼ਨ ਤੇ ਚੌਕੀਆਂ ਦੇ ਇੰਚਾਰਜਾਂ ਨੂੰ ਸੂਚਿਤ ਕਰਕੇ ਹਰਿਆਣਾ ਤੋਂ ਆਉਂਦੇ ਵਾਹਨਾਂ ਦੀ ਤਲਾਸ਼ੀ ਲਈ ਨਾਕੇਬੰਦੀ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਮਾਲਵਾ ਖੇਤਰ ਨੂੰ ਇਸ ਜ਼ਿਲ੍ਹੇ ਰਾਹੀਂ ਹੀ ਕਈ ਕਿਸਮ ਦਾ ਮਾਲ ਸਪਲਾਈ ਕੀਤਾ ਜਾਂਦਾ ਹੈ, ਜਿਸ ਵਿਚ ਤਿਉਹਾਰਾਂ ਦੇ ਦਿਨਾਂ ਦੌਰਾਨ ਮਿਲਾਵਟੀ ਮਠਿਆਈ, ਸਿੰਥੈਟਿਕ ਖੋਆ,ਪਨੀਰ, ਦੁੱਧ ਅਤੇ ਅਨੇਕਾਂ ਹੋਰ ਵਸਤੂਆਂ ਵੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਮਾਨਸਾ ਨੂੰ ਵੀ ਜ਼ਿਲ੍ਹੇ ਵਿਚ ਸਥਿਤ ਮਿਠਾਈ ਦੀਆਂ ਦੁਕਾਨਾਂ ਉਪਰ ਛਾਪੇਮਾਰੀ ਕਰਕੇ, ਉਥੇ ਬਣਾਏ ਜਾਂਦੇ ਪਦਾਰਥਾਂ ਦੇ ਸੈਂਪਲ ਭਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਛਾਪੇ ਅਤੇ ਸੀਮਾ ਸੀਲ ਸਬੰਧੀ ਆਦੇਸ਼ ਪੂਰਾ ਅਕਤੂਬਰ ਮਹੀਨਾ ਲਾਗੂ ਰਹਿਣਗੇ।
ਉਧਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਵਿੱਚ ਬਾਹਰਲੇ ਰਾਜ ਅਤੇ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਬਣਿਆ ਹੋਇਆ ਨਕਲੀ ਜਾਂ ਸਿੰਥੈਟਿਕ ਖੋਆ ਲਿਆਉਣ, ਉਸ ਦੀ ਮਠਿਆਈ ਤਿਆਰ ਕਰਨ ਅਤੇ ਅਜਿਹਾ ਖੋਆ ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਮੁਕੰਮਲ ਪਾਬੰਦੀ ਲਾਈ ਹੈ।
ਮਿਲੀਭੁਗਤ ਨਾਲ ਚੱਲ ਰਿਹੈ ਗੋਰਖਧੰਦਾ: ਗੁਰਲਾਭ ਸਿੰਘ
ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਨੇ ਕਿਹਾ ਕਿ ਸਿਹਤ ਮਹਿਕਮੇ ਦੀ ਕਥਿਤ ਮਿਲੀਭੁਗਤ ਨਾਲ ਹੀ ਜ਼ਿਲ੍ਹੇ ਵਿਚ ਨਕਲੀ ਮਠਿਆਈਆਂ ਤੇ ਵਸਤੂਆਂ ਦਾ ਕਾਰਜ ਤਿਉਹਾਰਾਂ ਦੇ ਦਿਨਾਂ ਦੌਰਾਨ ਧੜੱਲੇ ਨਾਲ ਚੱਲਦਾ ਹੈ ਪਰ ਕੁੱਝ ਥਾਵਾਂ ਤੋਂ ਸੈਂਪਲਿੰਗ ਕਰਨ ਤੋਂ ਸਿਵਾਏ ਮਹਿਕਮਾ ਲਿੱਪਾ-ਪੋਚੀ ਕਰਕੇ ਲੁਕਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਦੇ ਨਾਲ-ਨਾਲ ਸ਼ਹਿਰ ਅੰਦਰ ਵੀ ਮਾੜੀ ਤੇ ਗੈਰਮਿਆਰੀ ਮਠਿਆਈ ਬਣਦੀ ਹੈ, ਜਿਸ ਨੂੰ ਰੋਕਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।