ਹੜ੍ਹਾਂ ਲਈ ਜ਼ਿੰਮੇਵਾਰ ਅਫਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ: ਸੀਪੀਆਈ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਇਥੇ ਮੀਟਿੰਗ ਕੀਤੀ। ਉਪਰੰਤ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਨੂੰ ਕੌਮੀ ਆਫਤ ਐਲਾਨ ਕਰ ਕੇ ਤਰੁੰਤ ਰਾਹਤ ਪੈਕੇਜ ਦਿੱਤਾ ਜਾਵੇ। ਉਨ੍ਹਾਂ ਹੜ੍ਹ ਆਉਣ ਦੇ ਕਾਰਨਾਂ ਦੀ ਜਾਂਚ ਕਰਵਾ ਕੇ ਅਣਗਹਿਲੀ ਕਰਨ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਪਾਰਟੀ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ, ਮੀਤ ਸਕੱਤਰ ਕਾਮਰੇਡ ਗੁਰਨਾਮ ਸਿੰਘ ਸਰਪੰਚ, ਵੀਰ ਸਿੰਘ ਕੰਮੇਆਣਾ ਅਤੇ ਗੋਰਾ ਸਿੰਘ ਪਿਪਲੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬਦਲ ਫੱਟਣ, ਢਿੱਗਾਂ ਡਿੱਗਣ ਅਤੇ ਡੈਮਾਂ ਦੇ ਗੇਟ ਖੋਲ੍ਹਣ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਆਏ ਹੜ੍ਹਾਂ ਦੇ ਪਾਣੀ ਨਾਲ ਸੜਕਾਂ, ਪੁਲ, ਮਕਾਨ, ਦੁਕਾਨ ਅਤੇ ਪਸ਼ੂਆਂ ਦਾ ਜਿਥੇ ਭਾਰੀ ਨੁਕਸਾਨ ਹੋਇਆ ਹੈ, ਉੱਥੇ ਕਿਸਾਨਾਂ ਦੀਆਂ ਫਸਲਾਂ ਦੀ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ ਕਿ ਨਾ ਤਾਂ ਕੇਂਦਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਲੋਕਾਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ। ਗੁਰਚਰਨ ਸਿੰਘ ਮਾਨ ਅਤੇ ਸੁਖਜਿੰਦਰ ਸਿੰਘ ਭੂੰਬੜਭੰਨ ਨੇ ਕਿਹਾ ਕਿ ਜਾਨ-ਮਾਲ ਦੀ ਇਸ ਵਿਆਪਕ ਤਬਾਹੀ ਨੂੰ ਕੌਮੀ ਆਫਤ ਐਲਾਨ ਕੀਤਾ ਜਾਵੇ ਅਤੇ ਸਾਰੇ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਪੰਜਾਬ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।