ਅਪਰੇਸ਼ਨ ਟ੍ਰੈਕਡਾਊਨ ਤਹਿਤ ਅਫੀਮ ਤਸਕਰਾਂ ਖ਼ਿਲਾਫ਼ ਕਾਰਵਾਈ
ਅਪਰੇਸ਼ਨ ਟ੍ਰੈਕਡਾਊਨ ਤਹਿਤ ਸੀ ਆਈ ਏ ਸਿਰਸਾ ਅਤੇ ਸੀ ਆਈ ਏ ਏਲਨਾਬਾਦ ਦੀਆਂ ਟੀਮਾਂ ਨੇ ਪਿੰਡ ਮੱਲੇਕਾ ਵਿੱਚ ਕਾਰਵਾਈ ਕਰਦੇ ਹੋਏ ਲਗਪਗ 15 ਲੱਖ ਰੁਪਏ ਦੀ ਕੀਮਤ ਦੀ 5 ਕਿਲੋ 601 ਗਰਾਮ ਅਫੀਮ ਸਣੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਦੀਪਕ ਸਹਾਰਨ ਨੇ ਦੱਸਿਆ ਕਿ ਇੰਸਪੈਕਟਰ ਧਰਮਵੀਰ ਸਿੰਘ ਦੀ ਅਗਵਾਈ ਹੇਠ ਸੀ ਆਈ ਏ ਏਲਨਾਬਾਦ ਦੀ ਪੁਲੀਸ ਟੀਮ ਨੇ ਸੁਨੀਲ ਕੁਮਾਰ ਵਾਸੀ ਮੱਲੇਕਾ ਨੂੰ 2 ਕਿਲੋ 746 ਗ੍ਰਾਮ ਅਫੀਮ ਅਤੇ ਲਖਵਿੰਦਰ ਸਿੰਘ ਉਰਫ ਛਿੰਦਾ ਵਾਸੀ ਮੱਲੇਕਾ ਨੂੰ 200 ਗ੍ਰਾਮ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ ਜਦਕਿ ਸੀ ਆਈ ਏ ਸਿਰਸਾ ਦੇ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਮੱਲੇਕਾ ਪਿੰਡ ਵਿੱਚੋਂ ਇੱਕ ਹੋਰ ਨੌਜਵਾਨ ਨੂੰ 2 ਕਿਲੋ 655 ਗਰਾਮ ਅਫ਼ੀਮ ਸਣੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕੁੱਲ 5 ਕਿਲੋ 601 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਜਿਸ ਦੀ ਕੁੱਲ ਕੀਮਤ ਲਗਪਗ 15 ਲੱਖ ਰੁਪਏ ਦੇ ਕਰੀਬ ਹੈ। ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।
