ਖੇਤ ’ਚੋਂ ਰੇਤ ਕੱਢਣ ’ਤੇ ਕਿਸਾਨ ਖ਼ਿਲਾਫ਼ ਕਾਰਵਾਈ
ਹਲਕੇ ਦੇ ਪਿੰਡ ਮੰਝਲੀ ਵਿੱਚ ਆਪਣੇ ਖੇਤ ’ਚੋਂ ਰੇਤ ਕੱਢ ਰਹੇ ਕਿਸਾਨਾਂ ਦਾ ਖਣਨ ਵਿਭਾਗ ਨਾਲ ਲੰਘੀ ਸ਼ਾਮ ਵਿਵਾਦ ਹੋ ਗਿਆ। ਅਧਿਕਾਰੀਆਂ ਦਾ ਦੋਸ਼ ਹੈ ਕਿ ਕਿਸਾਨ ਖੇਤਾਂ ਵਿੱਚ ਚਲਦੇ ਪਾਣੀ ਵਿੱਚੋਂ ਮਸ਼ੀਨ ਨਾਲ ਪੁਟਾਈ ਕਰ ਰਹੇ ਹਨ। ਅਜਿਹਾ ਕਰਨਾ ਨਿਯਮਾਂ ਦੀ ਉਲੰਘਣਾ ਹੈ। ਦੂਜੇ ਪਾਸੇ, ਖੇਤ ਮਾਲਕ ਗੁਰਦਿਆਲ ਸਿੰਘ ਦਾ ਦੋਸ਼ ਹੈ ਕਿ ਵਿਭਾਗ ਰੇਤ ਠੇਕੇਦਾਰਾਂ ਦੇ ਦਬਾਅ ਹੇਠ ਉਨ੍ਹਾਂ ਰੇਤ ਨਿਕਾਸੀ ਤੋਂ ਰੋਕ ਰਿਹਾ ਹੈ। ਕਿਸਾਨ ਮੁਤਾਬਕ ਹੜ੍ਹਾਂ ਕਾਰਨ ਉਨ੍ਹਾਂ ਦੀ ਜ਼ਮੀਨ ਉੱਚੀ-ਨੀਵੀਂ ਹੋ ਗਈ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ ਅਤੇ ਬਲਵੰਤ ਸਿੰਘ ਵੀ ਸਾਥੀਆਂ ਸਣੇ ਪੁੱਜ ਕੇ ਪ੍ਰਸ਼ਾਸਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਿਨਾਂ ਕਾਰਨ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਚੁੱਕਣ ਤੋਂ ਰੋਕ ਰਿਹਾ ਹੈ।
ਡੀ ਐੱਸ ਪੀ ਰਾਜੇਸ਼ ਠਾਕੁਰ ਦੀ ਅਗਵਾਈ ਹੇਠ ਹਲਕੇ ਦੇ ਸਾਰੇ ਥਾਣਿਆਂ ਦੀ ਪੁਲੀਸ ਫੋਰਸ ਇਸ ਮੌਕੇ ਹਾਜ਼ਰ ਸੀ। ਪੁਲੀਸ ਨੇ ਪੁਟਾਈ ਵਾਲੀ ਮਸ਼ੀਨ ਕਬਜ਼ੇ ਵਿੱਚ ਲੈ ਕੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ। ਬਾਅਦ ’ਚ ਸਮਝੌਤੇ ਮੁਤਾਬਕ ਮਸ਼ੀਨ ਨੂੰ ਪੁਲੀਸ ਦੀ ਨਿਗਰਾਨੀ ਹੇਠ ਉੱਥੇ ਹੀ ਰਹਿਣ ਦਿੱਤਾ ਗਿਆ।
ਖਣਨ ਵਿਭਾਗ ਦੇ ਐੱਸ ਡੀ ਓ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਵਿਰੁੱਧ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਨਾਜਾਇਜ਼ ਰੇਤ ਕੱਢ ਰਹੇ ਹਨ। ਮੰਝਲੀ ਦਾ ਕਿਸਾਨ ਵੀ ਚੱਲਦੇ ਪਾਣੀ ਵਿੱਚੋਂ ਰੇਤ ਕੱਢ ਰਿਹਾ ਹੈ। ਉਸ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਹੈ। ਅੱਜ ਬਾਅਦ ਦੁਪਹਿਰ ਵੱਡੀ ਗਿਣਤੀ ਪੁਲੀਸ ਰੇਤ ਕੱਢਣ ਵਾਲੀ ਮਸ਼ੀਨ ਨੂੰ ਕਬਜ਼ੇ ’ਚ ਲੈਣ ਲਈ ਪਹੁੰਚਿਆ ਸੀ। ਦੂਜੇ ਪਾਸੇ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ ਦੀ ਅਗਵਾਈ ਹੇਠ ਕਿਸਾਨਾਂ ਨੇ ਵੀ ਪੱਕਾ ਮੋਰਚਾ ਲਗਾ ਦਿੱਤਾ ਹੈ।
ਪੁਲੀਸ ਵੱਲੋਂ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਮੋਗਾ (ਮਹਿੰਦਰ ਸਿੰਘ ਰੱਤੀਆਂ): ਸਥਾਨਕ ਉਪ ਮੰਡਲ ਦੇ ਜੂਨੀਅਰ ਇੰਜਨੀਅਰ-ਕਮ-ਖਣਨ ਇੰਸਪੈਕਟਰ ਅਨੁਭਵ ਸਿਸ਼ੋਦੀਆ ਮੁਤਾਬਕ ਵਿਭਾਗ ਦੀ ਟੀਮ ਨੇ ਪਿੰਡ ਮੰਝਲੀ ਵਿੱਚ ਛਾਪਾ ਮਾਰਿਆ ਸੀ। ਉੱਥੇ ਪੋਕਲੇਨ ਮਸ਼ੀਨ ਨਾਲ ਖ਼ੁਦਾਈ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਗੁਰਦਿਆਲ ਸਿੰਘ ਪਿੰਡ ਮੰਝਲੀ, ਜਸਵੰਤ ਸਿੰਘ ਉਰਫ਼ ਜੱਸਾ, ਬਿੰਦਰ ਸਿੰਘ ਪਿੰਡ ਸੈਦ ਜਲਾਲਾਪੁਰ, ਹਰਪ੍ਰੀਤ ਸਿੰਘ ਪਿੰਡ ਚੱਕ ਬਾਹਮਣੀਆਂ ਅਤੇ ਮਸ਼ੀਨ ਅਪਰੇਟਰ ਵਰਿੰਦਰ ਪਿੰਡ ਵੇਹੜਾ ਸ਼ਾਹਕੋਟ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੋਕਲੇਨ ਮਸ਼ੀਨ ਥਾਣੇ ਵਿੱਚ ਬੰਦ ਕਰਵਾ ਦਿੱਤੀ ਹੈ। ਥਾਣਾ ਧਰਮਕੋਟ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
