ਪਤਨੀ ਨੂੰ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਬਠਿੰਡਾ ਪੁਲੀਸ ਨੇ ਗੋਲ਼ੀਆਂ ਮਾਰ ਕੇ ਆਪਣੀ ਪਤਨੀ ਨੂੰ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਉਸ ਦੇ ਕਬਜ਼ੇ ’ਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ .32 ਬੋਰ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਐੱਸਪੀ ਜਸਮੀਤ ਸਿੰਘ ਸਾਹੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪੱਕਾ ਕਲਾਂ ’ਚ ਲੰਘੇ ਦਿਨ ਇਹ ਕਤਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਪੁੱਤਰ ਜਗਸੀਰ ਸਿੰਘ ਸੀਰਾ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੀ ਮਾਤਾ ਜਸਪ੍ਰੀਤ ਕੌਰ ਉਰਫ਼ ਚਰਨਜੀਤ ਕੌਰ ਨੂੰ ਉਸ ਦੇ ਪਿਤਾ ਵੱਲੋਂ ਆਪਣੇ ਲਾਇਸੈਂਸੀ .32 ਬੋਰ ਦੇ ਪਿਸਤੌਲ ਨਾਲ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਉਸ ਨੂੰ ਇਲਾਜ ਲਈ ਏਮਸ ਹਸਪਤਾਲ ਬਠਿੰਡਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਅਦ ਵਿੱਚ ਡਾਕਟਰਾਂ ਨੇ ਜ਼ਖ਼ਮੀ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਪਰੰਤ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੰਗਤ ਵਿੱਚ ਮੁਕੱਦਮਾ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਜਗਸੀਰ ਸਿੰਘ ਉਰਫ਼ ਸੀਰਾ ਫ਼ਰਾਰ ਹੋ ਗਿਆ ਸੀ ਪਰ ਉਸ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਨੇ ਉਸ ਕੋਲੋਂ ਵਾਰਦਾਤ ਲਈ ਵਰਤਿਆ ਪਿਸਤੌਲ, ਇੱਕ ਜ਼ਿੰਦਾ ਕਾਰਤੂਸ ਉਸ ਦੇ ਖੇਤ ਵਾਲੇ ਕੋਠੇ ਵਿੱਚੋਂ ਬਰਾਮਦ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਸਤੌਲ ਦੇ 5 ਖਾਲੀ ਖੋਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਸੰਗਤ ਅਤੇ ਰਾਮਾ ਮੰਡੀ ਥਾਣੇ ਵਿੱਚ ਲੜਾਈ ਝਗੜੇ ਨਾਲ ਸਬੰਧਿਤ ਦੋ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਅਦਾਲਤ ’ਚੋਂ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।