ਅੰਤਰਰਾਜੀ ਅਫੀਮ ਤਸਕਰੀ ਮਾਮਲੇ ’ਚ ਮੁਲਜ਼ਮ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ
ਸੀ ਆਈ ਏ ਸਟਾਫ ਪੁਲੀਸ ਕਾਲਾਂਵਾਲੀ ਦੀ ਟੀਮ ਨੇ ਪਿਪਲੀਆ ਮੰਡੀ ਮੰਦਸੌਰ ਮੱਧ ਪ੍ਰਦੇਸ਼ ਤੋਂ 3 ਕਿੱਲੋ 117 ਗ੍ਰਾਮ ਅਫੀਮ ਤਸਕਰੀ ਦੇ ਮਾਮਲੇ ਵਿੱਚ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਘਣਸ਼ਿਆਮ ਵਾਸੀ ਬਾਲਾਗੁਢਾ ਥਾਣਾ ਪਿਪਲੀਆ ਮੰਡੀ ਮੰਦਸੌਰ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਸੀਆਈਏ ਸਟਾਫ਼ ਕਾਲਾਂਵਾਲੀ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ 14 ਅਕਤੂਬਰ ਨੂੰ ਸਟਾਫ਼ ਵਿੱਚ ਤਾਇਨਾਤ ਸਬ ਇੰਸਪੈਕਟਰ ਰਾਮ ਸਵਰੂਪ ਨੇ ਆਪਣੀ ਪੁਲੀਸ ਟੀਮ ਨਾਲ ਮਿਲ ਕੇ ਗੁਪਤ ਸੂਚਨਾ ਦੇ ਆਧਾਰ ’ਤੇ ਗਸ਼ਤ ਦੌਰਾਨ ਪਿੰਡ ਔਢਾਂ ਵਿੱਚ ਨਾਕਾਬੰਦੀ ਦੌਰਾਨ ਇੱਕ ਕਾਰ ਦੇ ਡਰਾਈਵਰ ਮੁਲਜ਼ਮ ਦਿਨੇਸ਼ ਕੁਮਾਰ ਵਾਸੀ ਤੁਰਕੀਆ ਮੰਦਸੌਰ ਮੱਧ ਪ੍ਰਦੇਸ਼ ਤੋਂ 3 ਕਿਲੋ 117 ਗ੍ਰਾਮ ਅਫੀਮ ਬਰਾਮਦ ਕੀਤੀ ਸੀ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਏ ਐੱਸ ਆਈ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਸੀ। ਮੁਲਜ਼ਮ ਦਿਨੇਸ਼ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਮੁਲਜ਼ਮ ਦਿਨੇਸ਼ ਕੁਮਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਅਫੀਮ ਮੱਧ ਪ੍ਰਦੇਸ਼ ਦੇ ਬਾਲਗੁਢਾ ਦੇ ਰਹਿਣ ਵਾਲੇ ਮੁਲਜ਼ਮ ਘਣਸ਼ਿਆਮ ਤੋਂ ਖਰੀਦੀ ਸੀ। ਏ ਐੱਸਆਈ ਮਨੋਹਰ ਨੇ ਆਪਣੀ ਟੀਮ ਨਾਲ ਮਿਲ ਕੇ ਮਹੱਤਵਪੂਰਨ ਸੁਰਾਗ ਇਕੱਠੇ ਕੀਤੇ ਅਤੇ ਮੁਲਜ਼ਮ ਘਣਸ਼ਿਆਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲੀਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। ਰਿਮਾਂਡ ਦੌਰਾਨ ਮੁਲਜ਼ਮ ਤੋਂ ਇਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਡੂੰਘਾਈ ਨਾਲ ਪੜਾਤਲ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
