ਕਤਲ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
ਥਾਣਾ ਕਾਲਾਂਵਾਲੀ ਪੁਲੀਸ ਪਿੰਡ ਦੇਸੂ ਮਲਕਾਣਾ ਵਿੱਚ ਹੋਏ ਹੋਏ ਕਤਲ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮ ਜਸਪਾਲ ਸਿੰਘ ਵਾਸੀ ਦੇਸੂ ਮਲਕਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਪੀਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੀ 20 ਜੁਲਾਈ ਨੂੰ ਥਾਣੇ ਵਿੱਚ ਮਿਲੀ ਸ਼ਿਕਾਇਤ ਵਿੱਚ ਕਾਕਾ ਸਿੰਘ ਵਾਸੀ ਦੇਸੂ ਮਲਕਾਣਾ ਨੇ ਦੱਸਿਆ ਕਿ 19 ਜੁਲਾਈ ਨੂੰ ਜਦੋਂ ਉਹ ਬੱਸ ਸਟੈਂਡ ਦੇਸੂ ਮਲਕਾਣਾ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਮੁਲਜ਼ਮ ਨੇ ਉਸ ਨਾਲ ਬਦਸਲੂਕੀ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦਾ ਪਿਤਾ ਕਰਨੈਲ ਸਿੰਘ ਉਸ ਨੂੰ ਬਚਾਉਣ ਲਈ ਆਇਆ ਤਾਂ ਮੁਲਜ਼ਮ ਨੇ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਜਿਸ ’ਤੇ ਉਹ ਆਪਣੇ ਭਰਾ ਨਾਲ ਮਿਲ ਕੇ ਆਪਣੇ ਪਿਤਾ ਨੂੰ ਸਰਕਾਰੀ ਹਸਪਤਾਲ ਕਾਲਾਂਵਾਲੀ ਲੈ ਗਿਆ ਜਿੱਥੇ ਡਾਕਟਰ ਸਾਹਿਬ ਨੇ ਉਸਦੇ ਪਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ’ਤੇ ਮੁਲਜ਼ਮ ਵਿਰੁੱਧ ਥਾਣਾ ਕਾਲਾਂਵਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਅਤੇ ਏਐਸਆਈ ਰਾਮਚੰਦਰ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੌਰਾਨ ਮੁਲਜ਼ਮ ਜਸਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।