ਬਾਬੇ ਨਾਨਕ ਦੇ ਫਲਸਫ਼ੇ ਅਨੁਸਾਰ ਮਦਦ ਕਰਨਾ ਚੰਗਾ ਕਾਰਜ: ਸੰਧਵਾਂ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਥੇ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਨੂੰ ਸਮਾਜ ਸੇਵੀ ਸੰਸਥਾਵਾਂ ਨੇ ਨਵੇਂ-ਪੁਰਾਣੇ ਗਰਮ ਕੱਪੜੇ, ਕਾਪੀਆਂ, ਕਿਤਾਬਾਂ ਅਤੇ ਹੋਰ ਵਸਤਾਂ ਭੇਟ ਕੀਤੀਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਨਾਨਕ ਮੋਦੀਖਾਨਾ ਦੇ ਪ੍ਰਬੰਧਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁੱਡ ਮੌਰਨਿੰਗ ਵੈਲਫੇਅਰ ਕਲੱਬ, ਅਰੋੜ ਬੰਸ ਸਭਾ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਆਗੂ, ਮੋਦੀਖਾਨਾ ਰਾਹੀਂ ਲੋੜਵੰਦਾਂ ਤੱਕ ਸਾਮਾਨ ਪਹੁੰਚਾਉਂਦੇ ਹਨ।
ਸ੍ਰੀ ਸੰਧਵਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਫਲਸਫੇ ਮੁਤਾਬਕ ਲੋੜਵੰਦਾਂ ਦੀ ਮਦਦ ਵਾਸਤੇ ਗੁਰੂ ਨਾਨਕ ਮੋਦੀਖਾਨਾ ਦੇ ਪ੍ਰੰਬਧਕ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਹੋਰ ਕਲੱਬਾਂ ਨੂੰ ਵੀ ਮੋਦੀਖਾਨਾ ਨਾਲ ਜੁੜ ਕੇ ਮਦਦ ਕਰਦੇ ਰਹਿਣ ਦੀ ਅਪੀਲ ਕੀਤੀ। ਮੋਦੀਖਾਨਾ ਦੇ ਸੰਸਥਾਪਕ ਹਰਪ੍ਰੀਤ ਸਿੰਘ ਖਾਲਸਾ ਨੇ ਸਪੀਕਰ ਸੰਧਵਾਂ ਅਤੇ ਕਲੱਬ ਆਗੂਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ 37 ਹਜ਼ਾਰ ਤੋਂ ਵੱਧ ਪਰਿਵਾਰਾਂ ਦਾ ਇਲਾਜ, ਦਵਾਈਆਂ, ਸਕੂਲਾਂ/ਕਾਲਜਾਂ ਦੀ ਫੀਸ, ਮਕਾਨ ਦੀ ਉਸਾਰੀ, ਵਿਆਹ ਲਈ ਆਰਥਿਕ ਮਦਦ ਅਤੇ ਅੰਤਿਮ ਸੰਸਕਾਰ ਲਈ ਮਦਦ ਕੀਤੀ ਜਾ ਚੁੱਕੀ ਹੈ। ਇਸ ਮੌਕੇ ਡਾ. ਮਨਜੀਤ ਸਿੰਘ ਢਿੱਲੋਂ, ਪ੍ਰੋ. ਐੱਚ ਐੱਸ ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਅਮਰਦੀਪ ਸਿੰਘ ਦੀਪਾ ਕਿਹਾ ਕਿ ਪਹਿਲਾਂ ਲੋੜਵੰਦਾਂ ਦੀ ਮਦਦ ਮੌਕੇ ’ਤੇ ਜਾ ਕੇ ਕੀਤੀ ਜਾਂਦੀ ਸੀ ਪਰ ਹੁਣ ਗੁਰੂ ਨਾਨਕ ਮੋਦੀਖਾਨਾ ਰਾਹੀਂ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਸੁਰਿੰਦਰ ਸਿੰਘ ਸਦਿਉੜਾ, ਜਸਕਰਨ ਸਿੰਘ ਭੱਟੀ, ਗੁਰਵਿੰਦਰ ਸਿੰਘ ਸਿਵੀਆਂ, ਰਘਬੀਰ ਸਿੰਘ, ਸੁਰਿੰਦਰ ਸਚਦੇਵਾ ਅਤੇ ਅਮਨਦੀਪ ਕੌਰ ਹਾਜਰ ਸਨ।
