ਫ਼ਤਹਿਗੜ੍ਹ ਪੰਜਤੂਰ ’ਚ ਲਾਵਾਰਿਸ ਪਸ਼ੂਆਂ ਦੀ ਭਰਮਾਰ
ਇੱਥੋਂ ਦੇ ਲੋਕ ਲਾਵਾਰਿਸ ਪਸ਼ੂਆਂ ਕਾਰਨ ਪ੍ਰੇਸ਼ਾਨ ਹਨ। ਸ਼ਹਿਰ ਦੀ ਹਰ ਗਲੀ ਅਤੇ ਮੁਹੱਲੇ ਵਿੱਚ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੈ। ਇਨ੍ਹਾਂ ਪਸ਼ੂਆਂ ਕਾਰਨ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦਾ ਘਰਾਂ ਤੋਂ ਨਿਕਲਣਾ ਮੁਹਾਲ ਹੋਇਆ ਪਿਆ ਹੈ। ਦੂਜੇ ਪਾਸੇ, ਨਗਰ ਪੰਚਾਇਤ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਵੱਲ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਜਾਣਕਾਰੀ ਅਨੁਸਾਰ ਦਿਨ ਭਰ ਇਹ ਲਾਵਾਰਿਸ ਪਸ਼ੂ ਕਸਬੇ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਫਿਰਦੇ ਰਹਿੰਦੇ ਹਨ। ਰਾਤ ਹੋਣ ’ਤੇ ਇਨ੍ਹਾਂ ਦਾ ਰੈਣ ਬਸੇਰਾ ਭੀੜੀਆਂ ਗਲੀਆਂ ਬਣਦੀਆਂ ਹਨ ਜਿੱਥੇ ਇਹ ਸੜਕਾਂ ਦੇ ਵਿਚਕਾਰ ਬੈਠ ਜਾਂਦੇ ਹਨ। ਤੜਕਸਾਰ ਜਦੋਂ ਔਰਤਾਂ ਅਤੇ ਬਜ਼ੁਰਗ ਧਾਰਮਿਕ ਸਥਾਨਾਂ ਲਈ ਜਾਂ ਸੈਰ ਕਰਨ ਲਈ ਘਰਾਂ ਤੋਂ ਬਾਹਰ ਆਉਂਦੇ ਹਨ ਤਾਂ ਲਾਵਾਰਿਸ ਪਸ਼ੂ ਲੋਕਾਂ ਦਾ ਰਾਹ ਰੋਕ ਲੈਂਦੇ ਹਨ। ਕਈ ਵਾਰ ਤਾਂ ਇਹ ਪਸ਼ੂ ਲੋਕਾਂ ਉੱਤੇ ਹਮਲਾ ਵੀ ਕਰ ਦਿੰਦੇ ਹਨ। ਸ਼ਹਿਰ ਵਾਸੀਆਂ ਵੱਲੋਂ ਨਗਰ ਪੰਚਾਇਤ ਪ੍ਰਸ਼ਾਸਨ ਤੋਂ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਕਾਬੂ ਕਰ ਕੇ ਸ਼ਹਿਰ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਹੈ।
ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਵਾਰਿਸ ਪਸ਼ੂਆਂ ਦਾ ਮਾਮਲਾ ਨਗਰ ਪੰਚਾਇਤ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਕਾਬੂ ਕਰਨ ਲਈ ਬਣਾਈ ਯੋਜਨਾ ਉੱਤੇ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਸਾਰੇ ਆਵਾਰਾ ਪਸ਼ੂਆਂ ਨੂੰ ਕਾਬੂ ਕਰ ਕੇ ਗਊਸ਼ਾਲਾਵਾਂ ਵਿਚ ਭੇਜਿਆ ਜਾਵੇਗਾ।