ਸਿੰਗਲਾ ਨੂੰ ਕਲੀਨ ਚਿੱਟ ਮਿਲਣ ਮਗਰੋਂ ‘ਆਪ’ ਵਰਕਰਾਂ ’ਚ ਉਤਸ਼ਾਹ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੂਨ
ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਲੰਬੇ ਸਮੇਂ ਬਾਅਦ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਿੱਚ ਨਵੀਂ ਕਿਸਮ ਦਾ ਜੋਸ਼ ਅਤੇ ਉਤਸ਼ਾਹ ਭਰ ਗਿਆ ਹੈ। ਕਲੀਨ ਚਿੱਟ ਤੋਂ ਬਾਅਦ ਡਾ. ਵਿਜੈ ਸਿੰਗਲਾ ਦਾ ਕਹਿਣਾ ਹੈ ਕਿ ਕਈ ਵਾਰ ਬੇਕਸੂਰ ਨੂੰ ਸਜ਼ਾ ਮਿਲ ਜਾਂਦੀ ਹੈ, ਹਾਲਾਂਕਿ ਉਸਦਾ ਕੋਈ ਕਸੂਰ ਨਹੀਂ ਹੁੰਦਾ ਹੈ
। ਉਨ੍ਹਾਂ ਕਿਹਾ ਕਿ ਕਲੀਨ ਚਿੱਟ ਮਿਲਣ ਨਾਲ ਇਲਾਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਅਤੇ ਹੁਣ ਉਹ ਪਹਿਲਾਂ ਨਾਲੋਂ ਵੱਧ ਸਮਾਂ ਲਾਕੇ ਮਾਨਸਾ ਜ਼ਿਲ੍ਹੇ ਲਈ ਹੋਰ ਤਕੜੇ ਹੋਕੇ ਵਿਕਾਸ ਕਾਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਵਾਹਿਗੁਰੂ ’ਤੇ ਵਿਸ਼ਵਾਸ ਰੱਖਦੇ ਹਨ ਅਤੇ ਹੁਣ ਹੱਕ-ਸੱਚ ਦੀ ਜਿੱਤ ਹੋਈ ਹੈ ਅਤੇ ਇਸ ਨਾਲ ਵਿਰੋਧੀਆਂ ਵੱਲੋਂ ਜੋ ਬੇਮਤਲਬੇ ਪਾਰਟੀ ਖਿਲਾਫ਼ ਬਿਆਨ ਦਿੱਤੇ ਜਾ ਰਹੇ ਸਨ, ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇ ਇਸ ਸਬੰਧੀ ਮੁਹਾਲੀ ਅਦਾਲਤ ਵਿੱਚ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਕਲੀਨ ਚਿੱਟ ਦੇਣ ਦੀ ਕਲੋਜਰ ਰਿਪੋਰਟ ਦਾਖ਼ਲ ਕੀਤੀ ਹੈ, ਜਿਸ ’ਤੇ 14 ਜੁਲਾਈ ਨੂੰ ਸੁਣਵਾਈ ਹੋਵੇਗੀ। ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਛੇਤੀ ਹੀ ਆਪਣੇ ਮੰਤਰੀ ਮੰਡਲ ਵਿੱਚ ਵਾਧਾ ਅਤੇ ਉਲਟ-ਫੇਰ ਕਰਨ ਜਾ ਰਹੀ ਹੈ, ਜਿਸ ਵਿੱਚ ਡਾ. ਵਿਜੈ ਸਿੰਗਲਾ ਦਾ ਨਾਮ ਮੁੜ ਜੁੜ ਸਕਦਾ ਹੈ।ਦੱਸਣਯੋਗ ਹੈ ਕਿ ਵਿਧਾਇਕ ਡਾ. ਸਿੰਗਲਾ ਨੂੰ ਕੈਬਨਿਟ ਵਿੱਚ ਬਤੌਰ ਸਿਹਤ ਮੰਤਰੀ ਬਣਾਇਆ ਗਿਆ ਸੀ ਅਤੇ 66 ਦਿਨਾਂ ਬਾਅਦ ਇੱਕ ਦੋਸ਼ ਤਹਿਤ ਉਨ੍ਹਾਂ ਤੋਂ ਝੰਡੀ ਵਾਲੀ ਕਾਰ ਵਾਪਸ ਲੈ ਲਈ ਗਈ ਸੀ। ਇਸ ਦੌਰਾਨ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਇਸ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਵੀ ਇਸ ਸਬੰਧੀ ਆਪਣੀ ਕੋਈ ਸ਼ਿਕਾਇਤ ਨਾ ਹੋਣ ਅਤੇ ਵਿਜੈ ਸਿੰਗਲਾ ਦੇ ਨਿਰਦੋਸ਼ ਹੋਣ ਦੀ ਗੱਲ ਕਹਿੰਦਿਆਂ ਇਸ ਨਾਲ ਸਹਿਮਤੀ ਪ੍ਰਗਟਾਈ ਹੈ।