‘ਆਪ’ ਨੇ ਪੂੰਜੀਪਤੀ ਰਾਜ ਸਭਾ ਭੇਜ ਕੇ ਲੋਕਾਂ ਦੀ ਆਵਾਜ਼ ਦੱਬੀ: ਹਰਸਿਮਰਤ
ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਨੂੰ ਕਰਜ਼ਾਈ ਕਰ ਦਿੱਤਾ ਹੈ, ਜਿਸ ਨਾਲ ਇਹ ਸੂਬਾ ਹਰ ਖੇਤਰ ਵਿੱਚ ਬਹੁਤ ਪਿੱਛੇ ਚਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਅੱਜ 4000 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਭਗਵੰਤ ਮਾਨ ਦੀ ਸਰਕਾਰ ’ਚ ਕਿਸਾਨ ਜਿੱਥੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਇਆ ਹੈ, ਉਥੇ ਪੰਜਾਬ ਦਾ ਵਪਾਰ ਵੀ ਤਬਾਹੀ ਦੇ ਕੰਢੇ ’ਤੇ ਪਹੁੰਚ ਗਿਆ ਹੈ। ਉਹ ਅੱਜ ਬੁਢਲਾਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਦਫ਼ਤਰ ਦੇ ਉਦਘਾਟਨ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਇਸ ਆਮ ਆਦਮੀ ਪਾਰਟੀ ਵੱਲੋਂ ਪੂੰਜੀਪਤੀਆਂ ਨੂੰ ਰਾਜ ਸਭਾ ਭੇਜ ਕੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਦੇ ਰਾਜ ’ਚ ਆਮ ਤੋਂ ਖਾਸ ਬਣੇ ਸੂਬੇ ਦੇ ਮੁੱਖ ਮੰਤਰੀ, ਵਿਧਾਇਕ ਅਤੇ ਮੰਤਰੀ ਲੋਕਾਂ ਦੀਆਂ ਸਮੱਸਿਆਵਾ ਹੱਲ ਕਰਨ ਦੀ ਬਜਾਏ ਆਪਣੇ ਘਰ ਭਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਮਾਈਸਰਖਾਨਾ ਦੇ ਇਤਿਹਾਸਕ ਮੰਦਰ ’ਤੇ ਕਬਜ਼ੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਅਕਾਲੀ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਹੜੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ, ਉਸਦੇ ਨੇੜੇ-ਤੇੜੇ ਵੀ ਉਹ ਨਹੀਂ ਢੁੱਕ ਸਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਮੂਹਰੇ ਕੱਠਪੁਤਲੀ ਬਣੇ ਹੋਏ ਹਨ। ਇਸ ਮੌਕੇ ਅਕਾਲੀ ਦਲ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਕਿਹਾ ਕਿ ਉਹ ਹਰ ਐਤਵਾਰ ਨੂੰ ਬੁਢਲਾਡਾ ਦਫ਼ਤਰ ਵਿੱਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਪ੍ਰੇਮ ਅਰੋੜਾ, ਬਲਵੀਰ ਸਿੰਘ ਬੀਰੋਕੇ, ਬਲਮ ਸਿੰਘ ਕਲੀਪੁਰ,ਹਰਮੇਲ ਸਿੰਘ ਕਲੀਪੁਰ ਸੁਖਦੇਵ ਸਿੰਘ ਦਿਆਲਪੁਰਾ, ਅਮਰਜੀਤ ਸਿੰਘ ਕੁਲਾਣਾ ਸ਼ਾਮ ਲਾਲ ਧਲੇਵਾ, ਗਰਦੀਪ ਸਿੰਘ ਟੋਢਰਪੁਰ, ਰਜਿੰਦਰ ਸੈਣੀ, ਜੋਗਾ ਸਿੰਘ ਬੋਹਾ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਕਾਲਾ ਜਵੰਧਾ ਵੀ ਮੌਜੂਦ ਸਨ।