‘ਆਪ’ ਆਗੂਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ
ਪੰਜਾਬ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ, ਚੇਅਰਮੈਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ। ਇਸ ਤਹਿਤ ਅੱਜ ਸਥਾਨਕ ਦਫ਼ਤਰ ਨਗਰ ਸੁਧਾਰ ਟਰੱਸਟ ਤੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਮੁਸੀਬਤਾਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਅਤੇ ਪਸ਼ੂਆਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ ਗਈ। ਇਨ੍ਹਾਂ ਵਿੱਚ 125 ਤਰਪਾਲਾਂ ਅਤੇ 150 ਦੇ ਕਰੀਬ ਰਾਸ਼ਨ ਕਿੱਟਾਂ ਆਦਿ ਸ਼ਾਮਲ ਸਨ। ਇਸ ਮੌਕੇ ਮੌਜੂਦ ਵਿਧਾਇਕ ਮਾਸਟਰ ਜਗਸੀਰ ਸਿੰਘ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਚੇਅਰਮੈਨ ਨੀਲ ਗਰਗ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ ਬੱਲੀ ਬਲਜੀਤ, ਚੇਅਰਮੈਨ ਬਲਕਾਰ ਸਿੰਘ ਭੋਖੜਾ ਅਤੇ ਡਾਇਰੈਕਟਰ ਅਮਰਦੀਪ ਰਾਜਨ ਨੇ ਕਿਹਾ ਕਿ ਸਰਕਾਰ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੇ ਹੋਰਨਾਂ ਵੱਲੋਂ ਲਗਾਤਾਰ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਜ਼ਰੂਰ ਪਾਉਣ।